ਕਪੂਰਥਲਾ : ਸਹੁਰਾ ਪਰਿਵਾਰ ਬੱਚਾ ਨਾ ਹੋਣ ਦਾ ਮਾਰਦਾ ਸੀ ਤਾਅਨਾ, ਦੁਖੀ ਹੋਈ ਵਿਆਹੁਤਾ ਨੇ ਦਿੱਤੀ ਜਾਨ

0
2199

ਕਪੂਰਥਲਾ, 21 ਦਸੰਬਰ| ਕਪੂਰਥਲਾ ਦੇ ਪਿੰਡ ਬਿਧੀਪੁਰ ‘ਚ 22 ਸਾਲਾ ਵਿਆਹੁਤਾ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕੁੜੀ ਦੇ ਮਾਪਿਆਂ ਨੇ ਸਹੁਰੇ ਵਾਲਿਆਂ ‘ਤੇ ਬੱਚਾ ਨਾ ਹੋਣ ‘ਤੇ ਤਾਅਨੇ ਮਾਰਨ ਤੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ‘ਤੇ ਥਾਣਾ ਤਲਵੰਡੀ ਚੌਧਰੀਆਂ ਦੀ ਪੁਲਿਸ ਨੇ ਪਤੀ, ਸੱਸ ਅਤੇ ਸਹੁਰੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਮ੍ਰਿਤਕਾ ਦੀ ਪਛਾਣ ਕਾਜਲ (22) ਵਾਸੀ ਬਿਧੀਪੁਰ ਤਲਵੰਡੀ ਚੌਧਰੀਆਂ ਵਜੋਂ ਹੋਈ ਹੈ। ਉਸ ਦੀ ਮਾਤਾ ਜਸਵਿੰਦਰ ਕੌਰ ਵਾਸੀ ਬੁਤਾਲਾ ਢਿਲਵਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੀ ਲੜਕੀ ਕਾਜਲ ਦਾ ਵਿਆਹ ਤਿੰਨ ਸਾਲ ਪਹਿਲਾਂ ਪਿੰਡ ਬਿਧੀਪੁਰ ਵਾਸੀ ਲਖਵਿੰਦਰ ਨਾਲ ਬੜੀ ਧੂਮ ਧਾਮ ਨਾਲ ਕੀਤਾ ਸੀ। ਉਸ ਨੇ ਆਪਣੀ ਹੈਸੀਅਤ ਅਨੁਸਾਰ ਆਪਣੀ ਧੀ ਨੂੰ ਦਾਜ ਦਿੱਤਾ।

3 ਸਾਲਾਂ ਤੋਂ ਕਰ ਰਹੇ ਸਨ ਪਰੇਸ਼ਾਨ
ਜਸਵਿੰਦਰ ਕੌਰ ਨੇ ਦੋਸ਼ ਲਾਇਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪਤੀ ਲਖਵਿੰਦਰ, ਸੱਸ ਪਰਮਜੀਤ ਕੌਰ ਅਤੇ ਸਹੁਰਾ ਬਲਵਿੰਦਰ ਸਿੰਘ ਧੀ ਕਾਜਲ ਨੂੰ ਤੰਗ ਪ੍ਰੇਸ਼ਾਨ ਕਰਨ ਲੱਗੇ। ਇਹ ਸਿਲਸਿਲਾ ਪਿਛਲੇ 3 ਸਾਲਾਂ ਤੋਂ ਚੱਲ ਰਿਹਾ ਸੀ। ਪਹਿਲਾਂ ਵੀ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਪਰ ਸਮਝੌਤਾ ਹੋਣ ਤੋਂ ਬਾਅਦ ਵੀ ਉਸਨੂੰ ਪਰੇਸ਼ਾਨ ਕੀਤੇ ਜਾਣ ਦਾ ਸਿਲਸਿਲਾ ਚਲਦਾ ਰਹਿੰਦਾ ਸੀ। ਉਸ ਦੀ ਧੀ ਦੇ ਵਿਆਹ ਤੋਂ ਬਾਅਦ ਕੋਈ ਔਲਾਦ ਨਹੀਂ ਹੈ, ਇਸ ਲਈ ਵੀ ਉਸ ਨੂੰ ਤਾਅਨੇ ਮਾਰੇ ਜਾਂਦੇ ਸਨ।

ਸੋਮਵਾਰ ਸ਼ਾਮ ਨੂੰ ਵੀ ਪੂਰੇ ਪਰਿਵਾਰ ਨੇ ਮਿਲ ਕੇ ਕਾਜਲ ਨੂੰ ਪਰੇਸ਼ਾਨ ਕੀਤਾ। ਜਿਸ ਕਾਰਨ ਉਸ ਨੇ ਤੰਗ ਆ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਆਪਣੀ ਧੀ ਵੱਲੋਂ ਫਾਹਾ ਲੈਣ ਬਾਰੇ ਨਹੀਂ ਦੱਸਿਆ ਪਰ ਪਿੰਡ ਦੇ ਸਰਪੰਚ ਨੇ ਫੋਨ ਕਰਕੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਨੇ ਫਾਹਾ ਲੈ ਲਿਆ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੀ ਲੜਕੀ ਦੀ ਲਾਸ਼ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ‘ਚ ਪਈ ਸੀ।

ਤਿੰਨਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ
ਥਾਣਾ ਤਲਵੰਡੀ ਚੌਧਰੀਆਂ ਦੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।