ਅੰਮ੍ਰਿਤਸਰ : ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ‘ਤੇ ਚੱਲੀਆਂ ਅੰਨ੍ਹੇਵਾਹ ਗੋ.ਲੀਆਂ, ਭੱਜ ਕੇ ਬਚਾਈ ਸਾਜਨ ਨੇ ਜਾਨ

0
583

ਅੰਮ੍ਰਿਤਸਰ, 27 ਦਸੰਬਰ | ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਉਤੇ ਪੈਂਦੇ ਪਿੰਡ ਮਾਹਲ ਵਿਖੇ ਉਸ ਸਮੇਂ ਸਥਿਤੀ ਤਣਾਅ ਵਾਲੀ ਬਣ ਗਈ ਜਦੋਂ ਗਲੀ ਮਾਤਾ ਰਾਣੀ ਵਾਲੀ ਵਿਚ ਕੁਝ ਨੌਜਵਾਨਾਂ ਵੱਲੋਂ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਮਾਮਲਾ ਪੁਰਾਣੀ ਰੰਜਿਸ਼ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਪਿੰਡ ਢੀਂਗਰਾ ਕਾਲੋਨੀ ਦੇ ਕੁਝ ਨੌਜਵਾਨਾਂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ, ਜਿਸ ਨੂੰ ਲੈ ਕੇ ਅੱਜ ਸਾਜਨ ਨਾਮ ਦੇ ਨੌਜਵਾਨ ਦੇ ਘਰ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ।

ਇਸ ਮੌਕੇ ਪੀੜਤ ਸਾਜਨ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਤੇ ਉਸ ‘ਤੇ ਪਹਿਲਾਂ ਵੀ 2-3 ਵਾਰ ਕੁਝ ਨੌਜਵਾਨਾਂ ਵੱਲੋਂ ਹਮਲੇ ਕੀਤੇ ਗਏ ਹਨ ਤੇ ਅੱਜ ਵੀ ਗੋਲੀਆਂ ਚਲਾਈਆਂ ਗਈਆਂ, ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਕਿਹਾ ਕਿ ਲੜਾਈ ਕਿਸੇ ਦੀ ਸੀ ਪਰ ਕੁਝ ਨੌਜਵਾਨਾਂ ਵੱਲੋਂ ਮੇਰੇ ਤੇ ਮੇਰੇ ਭਰਾ ਉਤੇ ਝੂਠਾ ਨਾਂ ਲਗਾ ਕੇ ਸਾਨੂੰ ਨਾਜਾਇਜ਼ ਫਸਾਇਆ ਗਿਆ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦੇ ਸਨ ਤੇ ਅੱਜ ਫਿਰ ਉਹ ਗੱਡੀ ਵਿਚ ਸਵਾਰ ਹੋ ਕੇ ਆਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਸਾਜਨ ਨੇ ਦੱਸਿਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਤੇ ਸਾਨੂੰ ਇਨ੍ਹਾਂ ਮਾੜੇ ਅਨਸਰਾਂ ਤੋਂ ਬਚਾਇਆ ਜਾਵੇ। ਪੁਲਿਸ ਨੂੰ ਕੁਝ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ। ਪੁਲਿਸ ਨੇ ਚੱਲੇ ਹੋਏ ਖੋਲਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸ਼ਿਕਾਇਤਕਰਤਾ ਦੇ ਬਿਆਨ ਲੈ ਲਏ ਹਨ ਅਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।