ਅੰਮ੍ਰਿਤਸਰ : ਕਾਂਗਰਸੀ ਕੌਂਸਲਰ ਨੇ ਔਰਤ ਨੂੰ ਕਿਹਾ-ਸਮਾਰਟ ਕਾਰਡ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਛੱਡ ਦੇ, ਕਾਂਗਰਸ ਤੇ ਆਪ ਵਰਕਰ ਭਿੜੇ, ਚੱਲੇ ਲੱਤਾਂ-ਮੁੱਕੇ

0
2470

ਅੰਮ੍ਰਿਤਸਰ | ਅੰਮ੍ਰਿਤਸਰ ‘ਚ ਆਪ ਵਰਕਰਾਂ ਨੇ ਕਾਂਗਰਸੀ ਕੌਂਸਲਰ ਦੇ ਘਰ ਦੇ ਬਾਹਰ ਧਰਨਾ ਲਾਇਆ ਹੋਇਆ ਸੀ। ਧਰਨੇ ਦੌਰਾਨ ਦੋਵਾਂ ਧਿਰਾਂ ਦੇ ਵਰਕਰ ਆਪਸ ‘ਚ ਭਿੜ ਗਏ। ਹਾਲਾਤ ਉਸ ਸਮੇਂ ਹੋਰ ਖਰਾਬ ਹੋ ਗਏ, ਜਦੋਂ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਲੱਤਾਂ-ਮੁੱਕੇ ਚਲਾਉਣੇ ਸ਼ੁਰੂ ਕਰ ਦਿੱਤੇ।

ਚੋਣਾਂ ਦਾ ਸਮਾਂ ਹੈ ਅਤੇ ਅਜਿਹੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਆਪ ਵਰਕਰ ਕਾਂਗਰਸੀ ਕੌਂਸਲਰ ਦੇ ਘਰ ਦੇ ਬਾਹਰ ਧਰਨਾ ਲਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਕਾਂਗਰਸੀ ਵਰਕਰ ਵੀ ਉਥੇ ਪਹੁੰਚ ਗਏ ਤੇ ਦੋਵਾਂ ਧਿਰਾਂ ਦੇ ਲੋਕ ਬਹਿਸ ਤੋਂ ਬਾਅਦ ਭੜਕ ਗਏ ਤੇ ਝਗੜਾ ਕਰਨ ਲੱਗ ਪਏ। ਦੇਖਦਿਆਂ ਹੀ ਦੇਖਦਿਆਂ ਹੱਥੋਪਾਈ ਹੋ ਗਏ।

ਪ੍ਰਦਰਸ਼ਨ ਦੌਰਾਨ ਔਰਤਾਂ ਵੀ ਪਹੁੰਚੀਆਂ ਹੋਈਆਂ ਸਨ ਤੇ ਉਹ ਵੀ ਹੱਥੋਪਾਈ ਹੁੰਦੀਆਂ ਨਜ਼ਰ ਆਈਆਂ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਧਰਨੇ ਦਾ ਕਾਰਨ ਇਹ ਸੀ ਕਿ ਕਾਂਗਰਸੀ ਕੌਂਸਲਰ ਨੇ ਇਕ ਔਰਤ ਨੇ ਕਿਹਾ ਸੀ ਕਿ ਉਹ ਸਮਾਰਟ ਕਾਰਡ ਬਣਾ ਕੇ ਦੇਵੇਗਾ ਪਰ ਔਰਤ ਵਾਰ-ਵਾਰ ਚੱਕਰ ਲਗਾ ਰਹੀ ਸੀ। ਜਦੋਂ ਕੌਂਸਲਰ ਨੇ ਕੱਲ ਦੁਬਾਰਾ ਉਸ ਨੂੰ ਆਪਣੇ ਦਫਤਰ ਬੁਲਾਇਆ ਤਾਂ ਉਸ ਨੂੰ ਕਿਹਾ ਗਿਆ ਕਿ ਤੂੰ ਆਮ ਆਦਮੀ ਪਾਰਟੀ ਛੱਡ ਦੇ, ਜਿਸ ਤੋਂ ਗੁੱਸੇ ‘ਚ ਆਏ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਧਰਨਾ ਲਾ ਦਿੱਤਾ।

ਦੋਵਾਂ ਧਿਰਾਂ ਦੀ ਬਹਿਸਬਾਜ਼ੀ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵਾਂ ਧਿਰਾਂ ਦੇ ਲੋਕ ਥਾਣੇ ਪਹੁੰਚ ਗਏ ਹਨ।