ਅੰਮ੍ਰਿਤਸਰ ਬੰੰਬ ਇਮਪਲਾਂਟ ਮਾਮਲਾ : ਲੁਧਿਆਣਾ ਤੋਂ ਖਰੀਦੇ ਸੀ 4 ਸਿਮ, ਪੁਲਸ ਦੁਕਾਨਦਾਰ ਦਾ ਪਤਾ ਲਾਉਣ ‘ਚ ਜੁਟੀ

0
415

ਲੁਧਿਆਣਾ | ਅੰਮ੍ਰਿਤਸਰ ਵਿੱਚ ਏਐਸਆਈ ਦਿਲਬਾਗ ਸਿੰਘ ਦੀ ਕਾਰ ਵਿੱਚ ਬੰਬ ਰੱਖਣ ਦੇ ਮਾਮਲੇ ਵਿੱਚ ਮੁਲਜ਼ਮ ਯੁਵਰਾਜ ਸੱਭਰਵਾਲ ਅਤੇ ਫਤਹਿਵੀਰ ਵੱਲੋਂ ਵਰਤੇ ਗਏ ਮੋਬਾਈਲ ਸਿਮ ਵਿੱਚੋਂ ਚਾਰ ਲੁਧਿਆਣਾ ਤੋਂ ਹੀ ਲਏ ਗਏ ਸਨ। ਇਸੇ ਦਾ ਪਤਾ ਲਗਾਉਣ ਲਈ ਮੰਗਲਵਾਰ ਨੂੰ ਸੀਆਈਏ 2 ਦੀ ਟੀਮ ਮੁਲਜ਼ਮ ਯੁਵਰਾਜ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਆਈ ਹੈ। ਇੱਥੇ ਪੇਸ਼ ਕਰ ਕੇ ਪੁਲਿਸ ਨੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ । ਇਸ ਦੇ ਨਾਲ ਹੀ ਇਸ ਮਾਮਲੇ ‘ਚ ਫੜੇ ਗਏ ਮਿਕੀ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾ ਸਕਦਾ ਹੈ ਕਿਉਂਕਿ ਉਸ ਨੇ ਲੋਗੈਕਸਟਿਕ ਮੁਹੱਈਆ ਕਰਵਾਇਆ ਸੀ। ਪੁਲਿਸ ਨੇ ਫਿਲਹਾਲ ਉਸ ਦੀ ਭੂਮਿਕਾ ਦੀ ਪੁਸ਼ਟੀ ਨਹੀਂ ਕੀਤੀ ਹੈ, ਉਨ੍ਹਾਂ ਦਾ ਧਿਆਨ ਸਿਰਫ ਯੁਵਰਾਜ ‘ਤੇ ਹੈ। ਇਸ ਮਾਮਲੇ ਦੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਵੱਲੋਂ ਏਐਸਆਈ ਦੀ ਗੱਡੀ ਵਿੱਚ ਬੰਬ ਰੱਖਣ ਲਈ ਲੁਧਿਆਣਾ ਤੋਂ ਖਰੀਦੇ ਚਾਰ ਸਿਮਾਂ ਰਾਹੀਂ ਪਾਕਿਸਤਾਨ ਅਤੇ ਕੈਨੇਡਾ ਵਿੱਚ ਵੀਡੀਓ ਕਾਲ ਕਰ ਕੇ ਇਹ ਸਾਜ਼ਿਸ਼ ਰਚੀ ਗਈ ਸੀ। ਇਹ ਸਿਮ ਬਿਨਾਂ ਕਿਸੇ ਸਬੂਤ ਦੇ ਸਨ। ਇੱਕ-ਇੱਕ ਸਿਮ 800-800 ਰੁਪਏ ਵਿੱਚ ਮਿਲਦਾ ਸੀ।

ਸਿਮ ਕਿੱਥੋਂ ਖਰੀਦੇ, ਪੁਲਿਸ ਰਿਕਾਰਡ ਤਲਾਸ਼ ਰਹੀ ਹੈ

ਬੰਬ ਲਗਾਉਣ ਲਈ ਇੱਕ ਸਿਮ ਦੀ ਵਰਤੋਂ ਕੀਤੀ ਗਈ ਸੀ, ਜਦੋਂ ਕਿ ਬੰਬ ਲਗਾਉਣ ਤੋਂ ਦੋ ਦਿਨ ਪਹਿਲਾਂ ਤੱਕ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਰਿੰਦਾ (ਜਿਸ ਦੀ ਹਾਲ ਹੀ ਵਿੱਚ ਮੌਤ ਹੋ ਗਈ ਸੀ) ਅਤੇ ਕੈਨੇਡਾ ਬੈਠੇ ਲਖਵਿੰਦਰ ਸਿੰਘ ਲੰਡਾ ਨਾਲ ਵੀਡੀਓ ਕਾਲਾਂ ‘ਤੇ ਗੱਲਬਾਤ ਕਰਨ ਲਈ ਦੋ ਸਿਮ ਲਗਾਤਾਰ ਵਰਤੇ ਜਾ ਰਹੇ ਸਨ। ਉਹ ਉਨ੍ਹਾਂ ਨੂੰ ਦੱਸ ਰਿਹਾ ਸੀ ਕਿ ਉਸ ਨਾਲ ਇਹ ਕੰਮ ਕੌਣ ਕਰ ਰਿਹਾ ਹੈ। ਜਦੋਂ ਉਹ ਬੰਬ ਲਗਾਉਣ ਲਈ ਰਵਾਨਾ ਹੋਇਆ ਸੀ, ਉਦੋਂ ਵੀ ਉਸ ਨੇ ਦੋਵਾਂ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਦੋਵਾਂ ਸਿਮਾਂ ਤੋਂ ਇਲਾਵਾ ਇਕ ਹੋਰ ਸਿਮ, ਜਿਸ ਬਾਰੇ ਕੋਈ ਸੁਰਾਗ ਨਹੀਂ ਮਿਲਿਆ, ਨੇ ਕੁਝ ਹੋਰ ਲੋਕਾਂ ਨਾਲ ਵੀ ਗੱਲ ਕੀਤੀ ਹੈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਹਨ। ਉਕਤ ਸਿਮ ਅਤੇ ਉਸ ਦੇ ਨੰਬਰ ਦਾ ਪਤਾ ਲੱਗਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿਉਂਕਿ ਹੁਣ ਤੱਕ ਯੁਵਰਾਜ ਨੇ ਸਿਮ ਨੰਬਰਾਂ ਬਾਰੇ ਕੁਝ ਵੀ ਖੁਲਾਸਾ ਨਹੀਂ ਕੀਤਾ ਹੈ।

ਦੁਕਾਨਦਾਰ ‘ਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ

ਪੁਲਿਸ ਯੁਵਰਾਜ ਦੀ ਮਦਦ ਨਾਲ ਉਕਤ ਦੁਕਾਨਦਾਰ ਤੱਕ ਪਹੁੰਚਣਾ ਚਾਹੁੰਦੀ ਹੈ, ਜਿਸ ਤੋਂ ਬਾਅਦ ਉਕਤ ਦੁਕਾਨਦਾਰ ਨੂੰ ਵੀ ਧਾਰਾ 120ਬੀ ਤਹਿਤ ਇਸ ਕੇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਮਾਮਲੇ ‘ਚ ਯੁਵਰਾਜ ਤੋਂ ਇਲਾਵਾ ਫਤਿਹਵੀਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੇ ਦੱਸਿਆ ਸੀ ਕਿ ਦੁੱਗਰੀ ਦੇ ਮਿੱਕੀ ਨੇ ਉਸ ਨੂੰ ਸਿਮ ਦਿੱਤੇ ਸਨ। ਪੁਲਿਸ ਨੇ ਮਿੱਕੀ ਨੂੰ ਵੀ ਕਾਬੂ ਕਰ ਲਿਆ ਸੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸਿਮ ਕਿਸ ਦੁਕਾਨ ਤੋਂ ਲਿਆ ਗਿਆ ਸੀ। ਇਸ ਮਾਮਲੇ ‘ਚ ਪੁਲਿਸ ਮਿੱਕੀ ਨੂੰ ਦੁਬਾਰਾ ਪ੍ਰੋਡਕਸ਼ਨ ਵਾਰੰਟ ‘ਤੇ ਵੀ ਲਿਆ ਸਕਦੀ ਹੈ।

14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ

ਪੁਲਿਸ ਨੇ ਮੁਲਜ਼ਮ ਯੁਵਰਾਜ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ। ਇੱਥੇ ਪੁਲਿਸ ਨੇ ਅਦਾਲਤ ਤੋਂ ਮੁਲਜ਼ਮ ਦਾ 14 ਦਿਨ ਦਾ ਰਿਮਾਂਡ ਮੰਗਿਆ ਸੀ ਕਿਉਂਕਿ ਉਹ ਇਸ ਪੂਰੇ ਮਾਮਲੇ ਵਿੱਚ ਲੁਧਿਆਣਾ ਵਿੱਚ ਕਈ ਗੇੜੇ ਮਾਰ ਚੁੱਕਾ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਰਿੰਦਾ ਅਤੇ ਲੰਡਾ ਦੇ ਇਸ਼ਾਰੇ ‘ਤੇ ਲੁਧਿਆਣਾ ‘ਚ ਵੀ ਕੁਝ ਲੋਕਾਂ ਨੂੰ ਮਿਲੇ ਸਨ, ਜਿਨ੍ਹਾਂ ਦੇ ਠਿਕਾਣਿਆਂ ਦਾ ਪਤਾ ਲਗਾਇਆ ਜਾਣਾ ਹੈ ਪਰ ਅਦਾਲਤ ਨੇ ਸਿਰਫ਼ ਤਿੰਨ ਦਿਨ ਦਾ ਰਿਮਾਂਡ ਦਿੱਤਾ।