ਅੰਮ੍ਰਿਤਸਰ : ਚਰਚ ‘ਚ ਭੰਨ-ਤੋੜ ‘ਤੇ ਬਾਜਵਾ ਬੋੋਲੇ, ‘ਇਹ ਕੰਮ ਕੋਈ ਪੰਜਾਬੀ ਨਹੀਂ ਕਰ ਸਕਦਾ’

0
2031

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਚਰਚ ਅੰਦਰ ਬੇਅਦਬੀ ਦੀ ਘਟਨਾ ਬਾਰੇ ਕਿਹਾ ਕਿ ਕੋਈ ਪੰਜਾਬੀ ਬੇਅਦਬੀ ਵਰਗੀ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਇਸ ਪਿੱਛੇ ਜ਼ਰੂਰ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਸ ਬਾਬਤ ਗੰਭੀਰਤਾ ਨਾਲ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਬਾਜਵਾ ਪੱਟੀ ਦੇ ਠਕਰਪੁਰਾ ਚਰਚ ‘ਚ ਬੇਅਦਬੀ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਰੁਝੇਵੇਂ ਹੋਣ ਕਰਕੇ ਇੱਥੇ ਨਹੀਂ ਆਏ ਪਰ ਘੱਟੋ-ਘੱਟ ਡੀਜੀਪੀ ਨੂੰ ਤਾਂ ਆਉਣਾ ਚਾਹੀਦਾ ਸੀ। ਬਾਜਵਾ ਨੇ ਕਿਹਾ ਪੰਜਾਬ ‘ਚ ਸਾਰੇ ਧਰਮਾਂ ਦੇ ਲੋਕਾਂ ਦਾ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ। ਬਾਜਵਾ ਨੇ ਕਿਹਾ ਕਿ ਅੱਜ ਸਰਕਾਰ ਨੂੰ ਚੌਕਸ ਹੋਣ ਦੀ ਜ਼ਰੂਰਤ ਹੈ ਕਿਉਂਕਿ ਪਹਿਲਾਂ ਸੂਬੇ ਦਾ ਮਾਹੌਲ ਖਰਾਬ ਹੋਇਆ ਸੀ ਤਾਂ ਉਸ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਸੀ ਤੇ ਹੁਣ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ, ਇੱਥੇ ਵੀ ਸੱਚ ਬਾਹਰ ਆ ਜਾਵੇਗਾ।

ਬਾਜਵਾ ਨੇ ਅਕਾਲ ਤਖਤ ਦੇ ਜਥੇਦਾਰ ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਕਿਹਾ ਕਿ ਛੇਤੀ ਹੀ ਸੀਨੀਅਰ ਕਾਂਗਰਸੀਆਂ ਦਾ ਵਫਦ ਜਥੇਦਾਰ ਨੂੰ ਮਿਲੇਗਾ ਤੇ ਉਸ ਤੋਂ ਬਾਅਦ ਹੀ ਕੋਈ ਟਿੱਪਣੀ ਜਥੇਦਾਰ ਦੇ ਬਿਆਨ ਬਾਰੇ ਕਰਨੀ ਠੀਕ ਹੋਵੇਗੀ। ਬਾਜਵਾ ਨੇ ਕਿਹਾ ਕਿ ਉਹ ਅੱਜ ਹੀ ਡੀਜੀਪੀ ਨਾਲ ਇਸ ਮੁੱਦੇ ‘ਤੇ ਗੱਲ ਕਰਨਗੇ।

ਦੱਸ ਦਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਨੇੜਲੇ ਪਿੰਡ ਠੱਕਰਪੁਰਾ ‘ਚ ਸਥਿਤ ਚਰਚ ‘ਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਗੁਜਾਰੀ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹੈ। ਕਾਂਗਰਸੀ ਲੀਡਰਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਹੈ।

ਪਿੰਡ ਠੱਕਰਪੁਰਾ ਵਿਖੇ ਘਟਨਾ ਸਥਾਨ ਦਾ ਜਾਇਜਾ ਲੈਣ ਤੇ ਇਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਮਿਲਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਓਪੀ ਸੋਨੀ ਤੇ ਹਰਮਿੰਦਰ ਸਿੰਘ ਗਿੱਲ ਪੁੱਜੇ।