ਅੰਮ੍ਰਿਤਸਰ : ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਮਾਲ, ਨਕਲੀ ਦਿਲ ਨਾਲ ਚਲਾ ਦਿੱਤੀ ਅਸਲੀ ਧੜਕਣ, ਸਾਢੇ 10 ਘੰਟੇ ਚੱਲਿਆ ਆਪ੍ਰੇਸ਼ਨ

0
671

ਅੰਮ੍ਰਿਤਸਰ, 5 ਸਤੰਬਰ| ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਵੱਲੋਂ ਸੰਚਾਲਿਤ ਗੁਰੂ ਨਾਨਕ ਦੇਵ ਹਸਪਤਾਲ (GNDH) ਦੇ ਦਿਲ ਦੇ ਰੋਗਾਂ ਦੇ ਮਾਹਿਰਾਂ ਨੇ ਇਕ ਮਰੀਜ਼ ਦਾ ਬੇਹੱਦ ਔਖਾ ਆਪ੍ਰੇਸ਼ਨ ਕਰ ਕੇ ਉਸ ਨੂੰ ਜੀਵਨਦਾਨ ਦਿੱਤਾ। ਮਰੀਜ਼ ਦੇ ਦਿਲ ’ਚ ਨਕਲੀ ਦਿਲ ਯਾਨੀ ਇੰਪੇਲਾ ਪਾ ਕੇ ਡਾਕਟਰਾਂ ਨੇ ਸਾਢੇ ਦਸ ਘੰਟਿਆਂ ਵਿਚ ਸਫਲ ਸਰਜਰੀ ਕੀਤੀ। ਪੰਜਾਬ ਦੇ ਕਿਸੇ ਸਰਕਾਰੀ ਹਸਪਤਾਲ ’ਚ ਅਜਿਹੀ ਇਹ ਪਹਿਲੀ ਸਰਜਰੀ ਹੈ। 75 ਸਾਲਾ ਮਰੀਜ਼ ਜੋਧ ਸਿੰਘ ਦਾ ਜ਼ਿਲ੍ਹੇ ਦੇ ਦੋ ਵੱਡੇ ਨਿੱਜੀ ਹਸਪਤਾਲਾਂ ਨੇ ਆਪ੍ਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਕਾਰਡੀਓਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਤੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਮੰਗੇੜਾ ਨੇ ਮਰੀਜ਼ ਦੀ ਰਿਪੋਰਟ ਦੇਖੀ ਅਤੇ ਮਰੀਜ਼ ਨੂੰ ਹਸਪਤਾਲ ਲਿਆਉਣ ਲਈ ਕਿਹਾ। ਜਾਂਚ ਦੌਰਾਨ ਪਤਾ ਲੱਗਾ ਕਿ ਮਰੀਜ਼ ਦੇ ਦਿਲ ਦੀਆਂ ਤਿੰਨ ਨਾੜੀਆਂ 99 ਫੀਸਦੀ ਤੱਕ ਬਲਾਕ ਸਨ। ਇਨ੍ਹਾਂ ਵਿਚ ਚਿੱਟੇ ਰੰਗ ਦਾ ਕੈਲਸ਼ੀਅਮ ਜਮ੍ਹਾ ਸੀ, ਜਿਸ ਕਾਰਨ ਨਾੜੀਆਂ ਸਖ਼ਤ ਹੋ ਚੁੱਕੀਆਂ ਸਨ। ਦਿਲ ਵੀ 25 ਫੀਸਦੀ ਕੰਮ ਕਰ ਰਿਹਾ ਸੀ। ਦਿਲ ਦੀ ਪੰਪਿੰਗ ਬੇਹੱਦ ਘੱਟ ਸੀ ਅਤੇ ਵਾਲਵ ਵੀ ਕਮਜ਼ੋਰ ਸਨ।

ਡਾ. ਪਰਮਿੰਦਰ ਅਨੁਸਾਰ ਮਰੀਜ਼ ਬੇਹੱਦ ਗੰਭੀਰ ਹਾਲਤ ਵਿਚ ਸੀ। ਇਸ ਦੇ ਬਾਵਜੂਦ ਉਨ੍ਹਾਂ ਚੁਣੌਤੀ ਸਵੀਕਾਰ ਕੀਤੀ। ਮਰੀਜ਼ ਦੀਆਂ ਧੜਕਣਾਂ ਚੱਲਦੀਆਂ ਰਹਿਣ, ਇਸ ਦੇ ਲਈ ਮੁੰਬਈ ਤੋਂ ਮਿੰਨੀ ਹਾਰਟ ਮਸ਼ੀਨ ਯਾਨੀ ਇੰਪੇਲਾ ਮੰਗਵਾਇਆ ਗਿਆ। ਇਹ ਇੰਪੇਲਾ ਮਰੀਜ਼ ਦੀ ਲੱਤ ਦੀਆਂ ਨਾੜੀਆਂ ਜ਼ਰੀਏ ਦਿਲ ਤੱਕ ਪਹੁੰਚਾਇਆ ਗਿਆ। ਇਸ ਤੋਂ ਬਾਅਦ ਆਪ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਇੰਟਰਾ ਵਸਕੁਲਰ ਲਿਥੈਟ੍ਰੈਪਸੀ ਬੈਲੂਨ ਨਾਲ ਨਾੜੀਆਂ ਵਿਚ ਜਮ੍ਹਾ ਕੈਲਸ਼ੀਅਮ ਨੂੰ ਤੋੜਿਆ ਗਿਆ। ਉਪਰੰਤ ਸਟੰਟ ਪਾਏ ਗਏ। ਇਹ ਪ੍ਰਕਿਰਿਆ ਸਾਢੇ ਦਸ ਘੰਟੇ ਤੱਕ ਚੱਲੀ। ਰਾਤ ਸਾਢੇ 12 ਵਜੇ ਸਾਰੀ ਪ੍ਰਕਿਰਿਆ ਮੁਕੰਮਲ ਹੋਈ ਤਾਂ ਮਰੀਜ਼ ਦੇ ਦਿਲ ਵਿਚ ਭੇਜਿਆ ਗਿਆ ਮਿੰਨੀ ਹਾਰਟ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਜਾਂਚ ਕੀਤੀ ਤਾਂ ਮਰੀਜ਼ ਦਾ ਆਪਣਾ ਦਿਲ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ।