ਅੰਮ੍ਰਿਤਸਰ, 27 ਅਕਤੂਬਰ | ਅੰਮ੍ਰਿਤਸਰ ਤੋਂ ਖੌਫਨਾਕ ਖਬਰ ਸਾਹਮਣੇ ਆਈ ਹੈ। 17 ਸਾਲ ਦੇ ਨੌਜਵਾਨ ਆਦਿਤਿਆ ਕੁਮਾਰ ਦਾ ਕਿਰਪਾਨਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੀ ਪੁਲਿਸ ਨੇ ਰੋਹਨ, ਨਿਤਿਨ, ਸੋਨੂੰ ਤੇ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਹੈ।
ਨੌਜਵਾਨ ਦੇ ਪਿਤਾ ਸ਼ਿਵ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਵੱਡਾ ਲੜਕਾ ਆਦਿਤਿਆ ਸਰਕਾਰੀ ਸਕੂਲ ਕਰਮਪੁਰਾ ‘ਚ 9ਵੀਂ ਜਮਾਤ ਦਾ ਵਿਦਿਆਰਥੀ ਸੀ। ਬੀਤੀ ਰਾਤ ਉਹ ਛੋਟੇ ਭਰਾ ਪਵਨ ਕੁਮਾਰ ਨਾਲ ਪ੍ਰੀਤ ਨਗਰ ਸਥਿਤ ਹਨੂੰਮਾਨ ਮੰਦਰ ‘ਚ ਮੱਥਾ ਟੇਕਣ ਗਿਆ ਸੀ, ਜਦੋਂ ਉਹ ਵਾਪਸ ਆ ਰਹੇ ਸਨ ਤਾਂ ਉਕਤ ਮੁਲਜ਼ਮਾਂ ਨੇ ਆਦਿਤਿਆ ਨੂੰ ਘੇਰ ਲਿਆ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਆਦਿਤਿਆ ਖ਼ੂਨ ਨਾਲ ਲਥਪਥ ਜ਼ਮੀਨ ’ਤੇ ਡਿੱਗ ਪਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਹ ਆਪਣੇ ਲੜਕੇ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਆਇਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।