ਅੰਮ੍ਰਿਤਪਾਲ ਅਸਲੀ ਪੰਜਾਬੀ ਨਹੀਂ, ਅਸਲੀ ਖਾਲਸੇ ਉਹ ਜੋ 2 ਦਿਨ ਪਹਿਲਾਂ ਸਰਹੱਦਾਂ ਦੀ ਰਾਖੀ ਕਰਦੇ ਸ਼ਹੀਦ ਹੋਏ – MP ਬਿੱਟੂ

0
1580

ਲੁਧਿਆਣਾ | ਕਾਂਗਰਸੀ ਐੱਮਪੀ ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਸਿੱਖਾਂ ਨੂੰ ਗੁਲਾਮ ਕਹਿ ਕੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਸਨ, ਹੁਣ ਜਦੋਂ ਉਨ੍ਹਾਂ ਦੀ ਆਪਣੀ ਪਤਨੀ ਨੂੰ ਮਹਿਜ਼ ਏਅਰਪੋਰਟ ‘ਤੇ ਵਿਦੇਸ਼ ਜਾਣ ਤੋਂ ਰੋਕਿਆ ਹੀ ਗਿਆ ਤਾਂ ਅੰਮ੍ਰਿਤਪਾਲ ਚੂਹੇ ਵਾਂਗ ਖੁੱਡ ‘ਚੋਂ ਬਾਹਰ ਨਿਕਲ ਆਇਆ।

ਜਦੋਂ ਉਸ ਦੇ ਸਾਥੀਆਂ ਦੇ ਪਰਿਵਾਰ ਵਾਲਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਉਸ ਨੇ ਇਕ ਵਾਰ ਵੀ ਆਵਾਜ਼ ਨਹੀਂ ਚੁੱਕੀ ਪਰ ਦੋ ਦਿਨ ਪਹਿਲਾਂ ਜਦੋਂ ਉਸ ਦੀ ਪਤਨੀ ਨੂੰ ਵਿਦੇਸ਼ ਜਾਣ ਤੋਂ ਰੋਕਿਆ ਗਿਆ ਤਾਂ ਉਹ ਅੱਜ ਬਾਹਰ ਆ ਗਿਆ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕਰਦਿਆਂ ਬਿੱਟੂ ਨੇ ਕਿਹਾ ਕਿ ਇਕ ਵੀ ਵਿਅਕਤੀ ਨੂੰ ਖਰੋਚ ਤਕ ਨਹੀਂ ਆਈ। ਪੁਲਿਸ ਨੇ ਵੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਦਾ ਪੂਰਾ ਖਿਆਲ ਰੱਖਿਆ। ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਜੇਕਰ ਉਹ ਆਪਣੀ ਲੜਾਈ ਆਪ ਲੜ ਰਹੇ ਹਨ ਤਾਂ ਗੁਰਦੁਆਰਿਆਂ ਦੀ ਵਰਤੋਂ ਕਿਉਂ ਕਰ ਰਹੇ ਹਨ।

ਰਵਨੀਤ ਬਿੱਟੂ ਨੇ ਕਿਹਾ ਕਿ ਉਸ ਦੇ ਇਸ਼ਾਰੇ ‘ਤੇ ਸਰਬੱਤ ਖਾਲਸਾ ਬੁਲਾਇਆ ਜਾ ਸਕਦਾ ਹੈ ? ਬਿੱਟੂ ਨੇ ਨੌਜਵਾਨਾਂ ਨੂੰ ਕਿਹਾ ਕਿ ਅੰਮ੍ਰਿਤਪਾਲ ਵਰਗੇ ਲੋਕ ਖਾਲਸੇ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਜਾਨਾਂ ਤੇ ਪਰਿਵਾਰ ਵਾਰ ਦਿੱਤੇ ਹਨ। ਜਰਨੈਲ ਸਿੰਘ ਭਿੰਡਰਾਂਵਾਲਾ ਦੀ ਗੱਲ ਕਰੀਏ ਤਾਂ ਉਸ ਨੇ ਵੀ ਆਪਣੀ ਜਾਨ ਦੇ ਦਿੱਤੀ ਸੀ ਇਸ ਦੀ ਤਰ੍ਹਾਂ ਨਹੀਂ, ਜਿਹੜਾ ਗ੍ਰਿਫਤਾਰੀ ਤੋਂ ਬਚਣ ਲਈ ਲੁਕਿਆ ਹੋਇਆ ਸੀ।

ਬਿੱਟੂ ਨੇ ਕਿਹਾ ਕਿ ਇਹ ਅਸਲੀ ਪੰਜਾਬੀ ਨਹੀਂ ਹਨ, ਅਸਲੀ ਖਾਲਸੇ ਉਹ ਹਨ ਜੋ 2 ਦਿਨ ਪਹਿਲਾਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਹਨ। ਹਰ ਪਿੰਡ ਵਿੱਚ ਉਨ੍ਹਾਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਦੇ ਪਿਤਾ 24 ਸਾਲ ਪਹਿਲਾਂ ਕਾਰਗਿਲ ਜੰਗ ਵਿੱਚ ਸ਼ਹੀਦ ਹੋ ਗਏ ਸਨ। ਸਾਨੂੰ ਇਨ੍ਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਅੰਮ੍ਰਿਤਪਾਲ ਵਰਗੇ ਲੋਕਾਂ ਨੇ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਲਈ ਅੱਗ ਲਗਾ ਦਿੱਤੀ। ਫੰਡ ਨਾਲ ਉਹ ਵੱਡੀਆਂ ਲਗਜ਼ਰੀ ਗੱਡੀਆਂ ‘ਚ ਘੁੰਮਦੇ ਹਨ। ਉਨ੍ਹਾਂ ਕਿਹਾ ਕਿ ਮਾਮਲਾ ਅਜੇ ਖਤਮ ਨਹੀਂ ਹੋਇਆ ਹੈ। ਜਦੋਂ ਤਕ ਪਾਕਿਸਤਾਨ, ਚੀਨ ਵਰਗੇ ਦੇਸ਼ ਹਨ, ਇਹ ਖਤਮ ਨਹੀਂ ਹੋਵੇਗਾ। ਇਕ ਹੋਰ ਅੰਮ੍ਰਿਤਪਾਲ ਤਿਆਰ ਕੀਤਾ ਜਾਵੇਗਾ।