ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲ ਸਕੇ ਅਕਾਲੀ ਆਗੂ; ਜੇਲ ਪ੍ਰਸ਼ਾਸਨ ਨੇ ਦਿਤਾ ਇਹ ਜਵਾਬ

0
987

ਪਟਿਆਲਾ, 4 ਦਸੰਬਰ| ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਪਹੁੰਚੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਜੇਲ ਪ੍ਰਸ਼ਾਸਨ ਨੇ ਬਾਹਰ ਹੀ ਰੋਕ ਲਿਆ। ਜੇਲ ਪ੍ਰਬੰਧਕਾਂ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ ਕਿ ਉਨ੍ਹਾਂ ਕੋਲ ਮੁਲਾਕਾਤ ਦੀ ਮਨਜ਼ੂਰੀ ਨਹੀਂ ਹੈ। ਜਿਸ ਤੋਂ ਬਾਅਦ ਅਕਾਲੀ ਆਗੂਆਂ ਨੇ ਜੇਲ ਪ੍ਰਬੰਧਕਾਂ ਅਤੇ ਸਰਕਾਰ ਵਿਰੁੱਧ ਬੋਲਦਿਆਂ ਕਿਹਾ ਕਿ ਸਰਕਾਰ ਦੀ ਮਨਮਰਜ਼ੀ ਆਮ ਜਨਤਾ ਉਤੇ ਭਾਰੀ ਪੈ ਰਹੀ ਹੈ।

ਅਕਾਲੀ ਦਲ ਦੇ ਇਲਜ਼ਾਮਾਂ ’ਤੇ ਪਟਿਆਲਾ ਜੇਲ ਪ੍ਰਸ਼ਾਸਨ ਨੇ ਵੀ ਜਵਾਬ ਦਿੱਤਾ ਹੈ। ਪ੍ਰਸ਼ਾਸਨ ਨੇ ਕਿਹਾ ਕਿ ਦੋਵੇਂ ਆਗੂਆਂ ਕੋਲ ਮੁਲਾਕਾਤ ਦੀ ਮਨਜ਼ੂਰੀ ਨਹੀਂ ਸੀ। ਜਾਰੀ ਬਿਆਨ ਵਿਚ ਜੇਲ ਪ੍ਰਸ਼ਾਸਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਕ ਨੁਮਾਇੰਦੇ ਨੇ 30 ਨਵੰਬਰ ਨੂੰ ਏ.ਡੀ.ਜੀ.ਪੀ., ਜੇਲ੍ਹਾਂ, ਪੰਜਾਬ ਦੇ ਦਫ਼ਤਰ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਸਬੰਧੀ ਅਰਜ਼ੀ ਭੇਜੀ ਸੀ।

ਪੰਜਾਬ ਜੇਲ ਨਿਯਮਾਂ, 2022 ਦੇ ਅਨੁਸਾਰ ਅਰਜ਼ੀ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ, ਸੁਪਰਡੈਂਟ ਜੇਲ, ਪਟਿਆਲਾ ਦੁਆਰਾ ਇਹ ਫੈਸਲਾ ਲਿਆ ਗਿਆ ਕਿ ਕੇਂਦਰੀ ਜੇਲ ਪਟਿਆਲਾ ਵਿਚ ਰਾਜੋਆਣਾ ਨਾਲ ਦੋਵਾਂ ਆਗੂਆਂ ਨੂੰ ਮਿਲਣ ਦੀ ਆਗਿਆ ਨਾ ਦਿਤੀ ਜਾਵੇ। ਇਸ ਸਬੰਧੀ ਬਿਕਰਮ ਸਿੰਘ ਮਜੀਠੀਆ ਨੂੰ 2 ਦਸੰਬਰ ਨੂੰ ਫ਼ੋਨ ‘ਤੇ ਉਤੇ ਵੀ ਜਾਣੂ ਕਰਵਾਇਆ ਗਿਆ ਸੀ।

ਉਧਰ ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਦਿਤੇ ਹੁਕਮਾਂ ਅਨੁਸਾਰ ਉਹ ਸਾਰੇ ਪ੍ਰੋਟੋਕੋਲ ਨਾਲ ਰਾਜੋਆਣਾ ਨੂੰ ਮਿਲਣ ਆਏ ਸਨ, ਪਰ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਦਿਤਾ ਗਿਆ। ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਮੁਲਾਕਾਤ ਕਰਨ ਤੋਂ ਰੋਕਿਆ ਗਿਆ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਕੇਂਦਰੀ ਜੇਲ ਦੇ ਬਾਹਰ ਪੁਲਿਸ ਨੇ ਬੈਰੀਕੇਡ ਲਗਾ ਦਿਤੇ ਸਨ ਭਾਵੇਂ ਕਿ ਉਹ ਪੰਜਾਬ ਪੁਲਿਸ ਦੇ ਏਡੀਜੀਪੀ ਜੇਲ ਤੋਂ ਇਜਾਜ਼ਤ ਲੈ ਕੇ ਇਥੇ ਆਏ ਸਨ।