ਚੰਡੀਗੜ੍ਹ | ਯੂਕੇ ਅਤੇ ਪੰਜਾਬ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਦਿੰਦਿਆਂ ਏਅਰ ਇੰਡੀਆ 16 ਅਗਸਤ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਹਵਾਈ ਅੱਡੇ ਵਿਚਾਲੇ ਸਿੱਧੀ ਉਡਾਣ ਮੁੜ ਸ਼ੁਰੂ ਕਰੇਗੀ।
ਇਸ ਸੰਬੰਧੀ ਫਲਾਈਟ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ ’ਤੇ ਤਾਜ਼ਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਲੰਡਨ ਹੀਥਰੋ ਦੇ ਵਿਚਕਾਰ ਹਰ ਹਫਤੇ ਇੱਕ ਸਿੱਧੀ ਉਡਾਣ ਚੱਲੇਗੀ।
ਇਸ ਉਡਾਣ ਨੂੰ ਯੂਕੇ ਸਰਕਾਰ ਵੱਲੋਂ 8 ਅਗਸਤ ਤੋਂ ਭਾਰਤ ਦਾ ਨਾਂ ‘ਲਾਲ ਸੂਚੀ’ ਤੋਂ ਹਟਾ ਕੇ ਇਸ ਨੂੰ ‘ਏਂਬਰ ਸੂਚੀ’ ਵਿੱਚ ਪਾ ਦਿੱਤੇ ਜਾਣ ਤੋਂ ਬਾਅਦ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਉਡਾਣ ਹਰ ਸੋਮਵਾਰ ਲੰਡਨ ਹੀਥਰੋ ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਅਤੇ ਅੱਧੀ ਰਾਤ ਮੰਗਲਵਾਰ ਨੂੰ 1:10 ਵਜੇ ਅੰਮ੍ਰਿਤਸਰ ਪਹੁੰਚੇਗੀ। ਮੰਗਲਵਾਰ ਸਵੇਰੇ 3:10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਸਵੇਰੇ 7:10 ਵਜੇ ਲੰਡਨ ਪਹੁੰਚੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ।
ਇਸ ਸਿੱਧੀ ਉਡਾਣ ਦੇ ਮੁੜ ਸ਼ੁਰੂ ਕੀਤੇ ਜਾਣ ਦਾ ਸਵਾਗਤ ਕਰਦਿਆਂ ਗੁੰਮਟਾਲਾ ਨੇ ਕਿਹਾ, “ਕੋਵਿਡ ਪਾਬੰਦੀਆਂ ਕਾਰਨ ਪੰਜਾਬ ਵਿੱਚ ਫਸ ਗਏ ਹਜ਼ਾਰਾਂ ਯੂਕੇ ਵਾਸੀਆਂ, ਵਿਦਿਆਰਥੀਆਂ ਅਤੇ ਹੋਰਨਾਂ ਯਾਤਰੀਆਂ ਲਈ ਇਹ ਉਡਾਣਾਂ ਬਹੁਤ ਸਹਾਈ ਹੋਣਗੀਆਂ ਅਤੇ ਉਨ੍ਹਾਂ ਨੂੰ ਦਿੱਲੀ ਰਾਹੀਂ ਜਾਣ ਦੀ ਬਜਾਏ ਪੰਜਾਬ ਜਾਂ ਯੂਕੇ ਪਹੁੰਚਣ ਵਿੱਚ ਸਿਰਫ 8 ਤੋਂ 9 ਘੰਟੇ ਦਾ ਸਮਾਂ ਲੱਗੇਗਾ। ਸਾਨੂੰ ਆਸ ਹੈ ਕਿ ਸਥਿਤੀ ਵਿੱਚ ਹੋਰ ਸੁਧਾਰ ਆਉਣ ਅਤੇ ਪਾਬੰਦੀਆਂ ਚ ਢਿੱਲ ਦਿੱਤੇ ਜਾਣ ਨਾਲ ਏਅਰ ਇੰਡੀਆ ਆਪਣੀ ਅੰਮ੍ਰਿਤਸਰ ਬਰਮਿੰਘਮ ਸਿੱਧੀ ਉਡਾਣ ਨੂੰ ਵੀ ਮੁੜ ਸ਼ੁਰੂ ਕਰੇਗੀ।”
(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com)
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)