ਮਿਆਂਮਾਰ ‘ਚ ਫੌਜ ਵੱਲੋਂ ਭੀੜ ‘ਤੇ ਹਵਾਈ ਹਮਲਾ, ਕਈ ਬੰਬ ਸੁੱਟੇ, ਚਾਰੇ ਪਾਸੇ ਵਿਛੀਆਂ ਲਾਸ਼ਾਂ ਹੀ ਲਾਸ਼ਾਂ

0
461

ਮਿਆਂਮਾਰ| ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਜੈੱਟ ਜਹਾਜ਼ਾਂ ਨਾਲ ਬੰਬਾਰੀ ਕੀਤੀ ਅਤੇ 20 ਮਿੰਟ ਤੱਕ ਲਗਾਤਾਰ ਹਵਾਈ ਜਹਾਜ਼ਾਂ ਤੋਂ ਗੋਲੀਬਾਰੀ ਕੀਤੀ। ਰਿਪੋਰਟਾਂ ਮੁਤਾਬਕ ਹਮਲੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸ ਵਿੱਚ ਦਰਜਨਾਂ ਔਰਤਾਂ ਅਤੇ ਬੱਚੇ ਸ਼ਾਮਲ ਹਨ।

ਪਾਜਿਗੀ ਸ਼ਹਿਰ ਸਾਗਾਇੰਗ ਸੂਬੇ ਵਿੱਚ ਹੈ। ਇਹ ਰਾਜਧਾਨੀ ਨੈਪੀਡਾਵ ਤੋਂ 260 ਕਿਲੋਮੀਟਰ ਦੂਰ ਹੈ। ਫੌਜ ਨੇ ਇਹ ਹਮਲਾ ਉਸ ਵੇਲੇ ਕੀਤਾ ਜਦੋਂ ਪਜੀਗੀ ਸ਼ਹਿਰ ਵਿੱਚ ਪੀਪਲਜ਼ ਡਿਫੈਂਸ ਫੋਰਸਿਜ਼ (ਪੀਡੀਐਫ) ਦਾ ਦਫ਼ਤਰ ਖੋਲ੍ਹ ਰਹੇ ਸਨ। ਦਰਅਸਲ ਪੀਡੀਐਫ ਦੇਸ਼ ਵਿੱਚ ਫੌਜ ਦੇ ਖਿਲਾਫ ਇੱਕ ਮੁਹਿੰਮ ਚਲਾ ਰਹੀ ਹੈ। ਹਮਲੇ ਦੇ ਸਮੇਂ ਉੱਥੇ 300 ਤੋਂ ਵੱਧ ਲੋਕ ਮੌਜੂਦ ਸਨ।

ਸੰਯੁਕਤ ਰਾਸ਼ਟਰ ਨੇ ਫੌਜ ਦੇ ਹਮਲੇ ਦੀ ਨਿੰਦਾ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਵੋਲਕਰ ਤੁਰਕ ਨੇ ਕਿਹਾ ਕਿ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਪਰੇਸ਼ਾਨ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਜਦੋਂ ਹੈਲੀਕਾਪਟਰ ਤੋਂ ਬੰਬ ਸੁੱਟੇ ਗਏ ਤਾਂ ਕਈ ਸਕੂਲੀ ਬੱਚੇ ਇੱਕ ਹਾਲ ਵਿੱਚ ਡਾਂਸ ਕਰ ਰਹੇ ਸਨ।

ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਚਾਰੇ ਪਾਸੇ ਲਾਸ਼ਾਂ ਹੀ ਦਿਖਾਈ ਦੇ ਰਹੀਆਂ ਹਨ। ਉੱਥੇ ਮੌਜੂਦ ਲੋਕਾਂ ਮੁਤਾਬਕ ਉਨ੍ਹਾਂ ਨੇ ਲਾਸ਼ਾਂ ਦੀ ਗਿਣਤੀ ਸ਼ੁਰੂ ਕੀਤੀ ਪਰ ਲਾਸ਼ਾਂ ਦੇ ਅੰਗ ਵੱਖ-ਵੱਖ ਥਾਵਾਂ ‘ਤੇ ਫੈਲੇ ਹੋਣ ਕਾਰਨ ਉਹ ਗਿਣਤੀ ਨਹੀਂ ਕਰ ਸਕੇ।