ਜਲੰਧਰ ਦੇ ਇਲੈਕਟ੍ਰੋਨਿਕ ਦੀਆਂ ਦੁਕਾਨਾਂ ਵਾਲੇ ਹੋਏ ਸਰਕਾਰ ਦੇ ਔਡ – ਈਵਨ ਫੈਸਲੇ ਖ਼ਿਲਾਫ਼ 

0
859

ਜਲੰਧਰ . ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਰਕੇ ਜਲੰਧਰ ਵਿੱਚ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਹਨ। ਦੁਕਾਨਾਂ ਖੋਲ੍ਹੀਆਂ ਹਨ ਪਰ ਸਿਰਫ ਔਡ-ਈਵਨ ਸਿਸਟਮ ਦੇ ਅਧੀਨ। ਇਸ ਨਾਲ ਦੁਕਾਨਦਾਰਾਂ ਤੇ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਇਹ ਸਿਸਟਮ ਕੋਰੋਨਾ ਮਹਾਮਾਰੀ ਨੂੰ ਵਧਾਏਗਾ ਜਾਂ ਇਸ ਦੀ ਚੇਨ ਨੂੰ ਲਗਾਮ ਲਾਏਗਾ, ਇਸ ਦਾ ਫੈਸਲਾ ਤਾਂ ਭਵਿੱਖ ਵਿੱਚ ਸਿਰਫ ਸਮਾਂ ਹੀ ਦੱਸੇਗਾ।

ਇਸ ਸਿਸਟਮ ਕਰਕੇ ਜਲੰਧਰ ‘ਚ ਇਲੈਕਟ੍ਰੋਨਿਕ ਦੀਆਂ ਸਾਰੀਆਂ ਦੁਕਾਨਾਂ ਬੰਦ ਹਨ ਤੇ ਦੁਕਾਨਦਾਰਾਂ ਦਾ ਰੋਸ਼ ਇਸ ਸਿਸਟਮ ਖਿਲਾਫ ਸ਼ੁਰੂ ਹੋ ਗਿਆ ਹੈ। ਇਲੈਕਟ੍ਰੋਨਿਕ ਮਾਰਕਿਟ ਐਸੋਸਿਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਕੱਲ੍ਹ ਮਾਰਕੀਟ ਖੁੱਲ੍ਹੀ ਸੀ ਜਿਸ ਕਰਕੇ ਜ਼ਿਆਦਾ ਭੀੜ ਹੋਈ ਜੋ ਗਲਤ ਹੈ।
ਇਸ ਨਾਲ ਹੀ ਆਹਲੂਵਾਲਿਆ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਔਡ-ਈਵਨ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਗਈ ਹੈ ਕਿ ਜਾਂ ਤਾਂ ਦੁਕਾਨਾਂ ਨੂੰ ਹਰ ਰੋਜ਼ ਖੋਲ੍ਹਿਆ ਜਾਵੇ ਜਾਂ ਮੁਕੰਮਲ ਲੌਕਡਾਊਨ ਕੀਤਾ ਜਾਏ ਕਿਉਂਕਿ ਇਸ ਤਰ੍ਹਾਂ ਔਡ-ਈਵਨ ਕਰਕੇ ਦੁਕਾਨਦਾਰਾਂ ਸਣੇ ਗਾਹਕਾਂ ਨੂੰ ਵੀ ਖਾਸੀ ਪ੍ਰੇਸ਼ਾਨੀ ਆ ਰਹੀ ਹੈ।

ਉਧਰ, ਜੁੱਤਾ ਮਾਰਕਿਟ ਦੇ ਪ੍ਰਧਾਨ ਦੇਵੇਂਦਰ ਸਿੰਘ ਮਨਚੰਦਾ ਨੇ ਕਿਹਾ ਕਿ ਕੋਰੋਨਾ ਕਹਿਰ ‘ਚ ਲੋਕ ਸ਼ਰੇਆਮ ਸੜਕਾਂ ‘ਤੇ ਘੁੰਮਦੇ ਨਜ਼ਰ ਆ ਰਹੇ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਕੋਈ ਰੋਕ-ਟੋਕ ਨਹੀਂ। ਨਾਲ ਹੀ ਸ਼ਰਾਬ ਦੇ ਠੇਕੇ ਸਰਕਾਰ ਨੇ ਖੋਲ੍ਹੇ ਹਨ ਕਿਉਂਕਿ ਉਨ੍ਹਾਂ ਸਰਕਾਰ ਨੂੰ ਠੇਕਿਆਂ ਤੋਂ ਆਮਦਨ ਹੁੰਦੀ ਹੈ ਤਾਂ ਸਾਨੂੰ ਵੀ ਦੁਕਾਨਾਂ ਤੋਂ ਕਮਾਈ ਹੁੰਦੀ ਹੈ ਤੇ ਅਸੀਂ ਵੀ ਸਰਕਾਰ ਨੂੰ ਟੈਕਸ ਅਦਾ ਕਰਦੇ ਹਾਂ। ਇਸ ਲਈ ਪ੍ਰਸਾਸ਼ਨ ਨੂੰ ਇਸ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।