ਹੁਸ਼ਿਆਰਪੁਰ ‘ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜੇ ਹਾਲਾਤ, ਹਾਰੇ ਹੋਏ ਉਮੀਦਵਾਰ ਦੇ ਸਮਰਥਕ ਕਰ ਰਹੇ ਲੋਕਾਂ ਨਾਲ ਕੁੱਟਮਾਰ

0
501

ਹੁਸ਼ਿਆਰਪੁਰ, 17 ਅਕਤੂਬਰ | ਪੰਜਾਬ ‘ਚ ਪੰਚਾਇਤੀ ਚੋਣਾਂ ਤੋਂ ਬਾਅਦ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਚੜੇੜੀਆਂ ‘ਚ ਪਿਛਲੇ ਤਿੰਨ ਦਿਨਾਂ ਤੋਂ ਖੁੱਲ੍ਹੇਆਮ ਗੁੰਡਾਗਰਦੀ ਚੱਲ ਰਹੀ ਹੈ, ਜਿਸ ਕਾਰਨ ਪੂਰੇ ਪਿੰਡ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ। ਅਸਲ ਵਿਚ ਪੰਚਾਇਤੀ ਚੋਣਾਂ ਵਿਚ ਹਾਰੇ ਹੋਏ ਉਮੀਦਵਾਰਾਂ ਦੇ ਸਮਰਥਕ ਨਿੱਤ ਦਿਨ ਜਿੱਤਣ ਵਾਲੇ ਉਮੀਦਵਾਰਾਂ ਨੂੰ ਕੁੱਟ ਰਹੇ ਹਨ ਅਤੇ ਧਮਕੀਆਂ ਵੀ ਦੇ ਰਹੇ ਹਨ।

ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਕੁਝ ਲੋਕ ਦੂਸਰੀ ਧਿਰ ਦੇ ਲੋਕਾਂ ਨਾਲ ਖੁੱਲ੍ਹੇਆਮ ਕੁੱਟਮਾਰ ਕਰਦੇ ਅਤੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਪਿੰਡ ਦੇ ਅੱਧੇ ਤੋਂ ਵੱਧ ਲੋਕ ਨਾ ਤਾਂ ਕੰਮ ‘ਤੇ ਜਾ ਸਕਦੇ ਹਨ ਅਤੇ ਨਾ ਹੀ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ। ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਗੱਡੀਆਂ ਵਿਚ ਘੁੰਮ ਰਹੇ ਹਨ ਅਤੇ ਲੋਕਾਂ ਦੀ ਕੁੱਟਮਾਰ ਕਰ ਰਹੇ ਹਨ।

ਇਸ ਮਾਮਲੇ ‘ਚ ਲਗਾਤਾਰ ਸ਼ਿਕਾਇਤਾਂ ਦੇਣ ਤੋਂ ਬਾਅਦ ਪੁਲਿਸ ਬੁੱਧਵਾਰ ਨੂੰ ਪਿੰਡ ਚੜੇਡੀਆਂ ਪਹੁੰਚੀ। ਜਿੱਥੇ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਪਰ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਨਾਲ ਭੱਦੀ ਭਾਸ਼ਾ ਵਰਤੀ ਤੇ ਖਾਨਾਪੂਰਤੀ ਕਰ ਕੇ ਥਾਣੇ ਪਹੁੰਚਣ ਦਾ ਸਮਾਂ ਦੇ ਕੇ ਉਥੋਂ ਚਲੇ ਗਏ।

ਜਾਣਕਾਰੀ ਦਿੰਦਿਆਂ ਨਵ-ਨਿਯੁਕਤ ਸਰਪੰਚ ਸੰਨੀ ਭਾਰਦਵਾਜ, ਮਾਸਟਰ ਪ੍ਰੇਮ, ਕੇਵਲ ਕ੍ਰਿਸ਼ਨ, ਮਲਕੀਤ ਸਿੰਘ, ਸੰਜੀਵ ਕੁਮਾਰ, ਵਿਨੋਦ ਕੁਮਾਰ, ਰਾਹੁਲ ਭਾਰਦਵਾਜ, ਅਜੈ ਕੁਮਾਰ ਨੇ ਦੱਸਿਆ ਕਿ 15 ਤਰੀਕ ਨੂੰ ਵੋਟਾਂ ਵਾਲੇ ਦਿਨ ਵਿਰੋਧੀ ਧਿਰ ਨੂੰ ਬੂਥ ਬਾਹਰ ਕੁਰਸੀਆਂ ਲਗਾਉਣ ਤੋਂ ਰੋਕਿਆ ਗਿਆ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਲੋਕ ਨਾਰਾਜ਼ ਹੋ ਗਏ।, ਜਿਨ੍ਹਾਂ ਨੇ ਨਵ ਨਿਯੁਕਤ ਸਰਪੰਚ ਦੇ ਚਾਚੇ ਸ਼ਾਮ ਲਾਲ ਦੇ ਥੱਪੜ ਮਾਰਿਆ। ਇਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿਚ ਭਿੜ ਗਈਆਂ।