ਬਠਿੰਡਾ . ਕੱਲ੍ਹ ਤੋਂ ਚੋਣਵੇਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਹੋਈ ਪਰ ਲੋਕਾਂ ਨੇ ਸਵੈ ਜਾਬਤੇ ਦਾ ਪਾਲਣ ਕਰਦਿਆਂ ਸਫਰ ਆਰੰਭਿਆ ਹੈ। ਬੱਸਾਂ ਨੂੰ ਸੈਨੇਟਾਈਜ਼ ਕਰਕੇ ਚਲਾਇਆ ਜਾ ਰਿਹਾ ਹੈ। ਕਰਫਿਊ ਵਿਚ ਛੋਟ ਮਿਲਣ ਤੋਂ ਬਾਅਦ ਜ਼ਿਲ੍ਹਾ ਬਠਿੰਡਾ ਦੇ ਲੋਕਾਂ ਨੇ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਜ਼ਿੰਦਗੀ ਨੂੰ ਮੁੜ ਰਫ਼ਤਾਰ ਦੇਣੀ ਸ਼ੁਰੂ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਲੋਕਾਂ ਵੱਲੋਂ ਪਿੱਛਲੇ ਦੋ ਮਹੀਨੇ ਦੌਰਾਨ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਵੀ ਲੋਕ ਸੁਚੇਤ ਹੋ ਕੇ ਵਿਚਰ ਰਹੇ ਹਨ ਤੇ ਬਜਾਰਾਂ ਵਿਚ ਸਮਾਜਿਕ ਦੂਰੀ ਦੇ ਸਿਧਾਂਤ ਦਾ ਖਿਆਲ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਕੋਰੋਨਾ ਦੀ ਬਿਮਾਰੀ ਨੂੰ ਫੈਲਣ ਤੋਂ ਰੋਕ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਵੱਖ-ਵੱਖ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ ਤੇ ਆਮ ਕੰਮਕਾਰ ਚੱਲ ਪਏ ਹਨ।
ਉਨ੍ਹਾਂ ਨੇ ਕਿਹਾ ਕਿ ਦਿਹਾਤੀ ਖੇਤਰ ਵਿਚ 1492 ਅਤੇ ਸ਼ਹਿਰੀ ਖੇਤਰ ਵਿਚ 2283 ਉਦਯੋਗਿਕ ਇਕਾਈਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਚ ਕ੍ਰਮਵਾਰ 21607 ਅਤੇ 15413 ਲੋਕਾਂ ਨੂੰ ਬਤੌਰ ਕਾਮੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਹਿਕਾਰੀ ਸਭਾਵਾਂ ਨੇ ਜ਼ਿਲ੍ਹੇ ਵਿਚ ਸਿਰਫ ਦੋ ਦਿਨ ਵਿਚ 27,30,153 ਰੁਪਏ ਦਾ ਸਾਮਾਨ ਸਪਲਾਈ ਕੀਤਾ ਹੈ। ਇਸੇ ਤਰ੍ਹਾਂ ਸਹਿਕਾਰੀ ਸਭਾਵਾਂ ਨੇ 69.44 ਲੱਖ ਦੀ ਖਾਦ ਸਿਰਫ ਦੋ ਦਿਨਾਂ ਵਿਚ ਕਿਸਾਨਾਂ ਨੂੰ ਮੁਹਈਆ ਕਰਵਾਈ ਹੈ। ਵੇਰਕਾ ਨੇ ਦੋ ਦਿਨ ਵਿਚ 2.13 ਲੱਖ ਲੀਟਰ ਦੁੱਧ ਕਿਸਾਨਾਂ ਤੋਂ ਖਰੀਦਿਆਂ ਅਤੇ 97107 ਲੀਟਰ ਦੁੱਧ ਗ੍ਰਾਹਕਾਂ ਨੂੰ ਮੁਹਈਆ ਕਰਵਾਇਆ। ਮਾਰਕਫੈਡ ਨੇ ਦੋ ਦਿਨ ਵਿਚ 4600 ਕਿਲੋ ਘਿਓ ਸਪਲਾਈ ਕੀਤਾ। ਜਦ ਕਿ ਜ਼ਿਲੇ ਦੇ ਸਹਿਕਾਰੀ ਬੈਂਕਾਂ ਨੇ 1384 ਲੱਖ ਦੇ ਸ਼ਾਰਟ ਟਰਮ ਖੇਤੀ ਕਰਜੇ ਸਿਰਫ ਪਿਛਲੇ ਦੋ ਦਿਨਾਂ ਵਿਚ ਕਿਸਾਨਾਂ ਨੂੰ ਜਾਰੀ ਕੀਤੇ ਹਨ।