ਨਵੀਂ ਦਿੱਲੀ . ਜੇਐਨਯੂ ‘ਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕੁੱਟੇ ਜਾਣ ਤੋਂ ਬਾਅਦ ਪੂਰੇ ਮੁਲਕ ‘ਚ ਇਸ ਘਟਨਾ ਦੀ ਨਿਖੇਧੀ ਹੋ ਰਹੀ ਹੈ। ਜੇਐਨਯੂ ‘ਚ 36 ਸਟੂਡੈਂਟਸ ਅਤੇ ਪ੍ਰੋਫੈਸਰ ਜਖਮੀ ਹੋਏ ਹਨ। ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਸਟੂਡੈਂਟ ਜੇਐਨਯੂ ਦੇ ਹੱਕ ‘ਚ ਖੜੇ ਹੋ ਰਹੇ ਹਨ। ਇਸ ਮਾਮਲੇ ‘ਤੇ ਹਾਲੇ ਤੱਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦਾ ਕੋਈ ਬਿਆਨ ਨਹੀਂ ਆਇਆ ਹੈ। ਜੇਐਨਯੂ ਮਾਮਲੇ ‘ਤੇ ਚੁੱਪੀ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਪੀਐਮ ਅਤੇ ਹੋਮ ਮਿਨੀਸਟਰ ਨੂੰ ਟ੍ਰੋਲ ਕਰ ਰਹੇ ਹਨ।

ਨਾਗਰਿਕਤਾ ਸੋਧ ਬਿਲ ਅਤੇ ਐਨਆਰਸੀ ‘ਤੇ ਖੁਲ ਕੇ ਬੋਲਣ ਵਾਲੇ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਇੱਕ ਮੀਮ ਸ਼ੇਅਰ ਕੀਤਾ ਜਿਸ ‘ਚ ਪੀਐਮ ਅਤੇ ਅਮਿਤ ਸ਼ਾਹ ਅੱਧਾ ਮੂੰਹ ਢਕੇ ਹੋਏ ਡੰਡੇ ਫੜੇ ਹੋਏ ਨਜ਼ਰ ਆ ਰਹੇ ਹਨ। ਅਨੁਰਾਗ ਕਸ਼ਯਪ ਵੱਲੋਂ ਇਹ ਮੀਮ ਟਵੀਟ ਕੀਤੇ ਜਾਣ ਤੋਂ ਬਾਅਦ ਲੱਖਾਂ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਰੀਟਵੀਟ ਕਰਨ ਵਾਲਿਆਂ ‘ਚ ਸਿਰਫ ਆਮ ਲੋਕ ਹੀ ਨਹੀਂ ਸਗੋਂ ਕਈ ਹੋਰ ਵੱਡੀਆਂ ਹਸਤੀਆਂ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋਹਾਂ ਲੀਡਰਾਂ ਨੂੰ ਹੋਰ ਕਈ ਮੀਮ ਦੇ ਨਾਲ ਟ੍ਰੋਲ ਕੀਤਾ ਜਾ ਰਿਹਾ ਹੈ।
ਜੇਐਨਯੂ ਲਈ ਪੂਰੇ ਦੇਸ਼ ‘ਚ ਪ੍ਰਦਸ਼ਨ

ਜੇਐਨਯੂ ‘ਚ ਕੁੱਟਮਾਰ ਤੇ ਭੰਨਤੋੜ ਦੀ ਖਬਰ ਨੇ ਪੂਰੇ ਮੁਲਕ ਨੂੰ ਹੈਰਾਨ ਕੀਤਾ ਹੈ। ਪੁਲਿਸ ਜੇਐਨਯੂ ਕੈਂਪਸ ਦੇ ਬਾਹਰ ਸੀ ਪਰ ਉਸ ਨੇ ਅੰਦਰ ਜਾ ਕੇ ਐਕਸ਼ਨ ਲੈਣ ‘ਚ ਕਾਫੀ ਦੇਰ ਕੀਤੀ। ਦਿੱਲੀ ਪੁਲਿਸ ‘ਤੇ ਵੀ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਦੇਸ਼ਭਰ ‘ਚ ਯੂਨੀਵਰਸਿਟੀਆਂ ਦੇ ਵਿਦਿਆਰਥੀ ਸੜਕਾਂ ‘ਤੇ ਆ ਕੇ ਬੀਜੇਪੀ ਦੀ ਵਿਦਿਆਰਥੀ ਜੱਥੇਬੰਦੀ ਏਬੀਵੀਪੀ ਨੂੰ ਕਸੂਰਵਾਰ ਦੱਸ ਰਹੇ ਹਨ। ਦੂਜੇ ਪਾਸੇ ਭਾਜਪਾ ਇਸ ਨੂੰ ਗਲਤ ਦੱਸ ਰਹੀ ਹੈ।
ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ। ਕਰੀਬ 20 ਤੋਂ 25 ਨਕਾਬਪੋਸ਼ਾਂ ਨੇ ਪਹਿਲਾਂ ਸਾਡੇ ਦਾ ਮਾਰਚ ‘ਚ ਖਲਲ ਪਾਇਆ ਤੇ ਮਗਰੋ ਮੇਰੇ ਤੇ ਲੋਹੇ ਦੀਆਂ ਰੌਡਾਂ ਨਾਲ ਹਮਲਾ ਕਰ ਦਿੱਤਾ। ਪਿਛਲੇ ਚਾਰ ਪੰਜ ਦਿਨਾਂ ਆਰਆਰਐਸ ਨਾਲ ਸਬੰਧਤ ਕੁਝ ਪ੍ਰੋਫੈਸਰ ਸਾਡੇ ਅਮਨ ਮਾਰਚ ‘ਚ ਅੜਿਕੇ ਪਾਉਣ ਲਈ ਹਿੰਸਾ ਨੂੰ ਹੱਲਾਸ਼ੇਰੀ ਦੇ ਰਹੇ ਸਨ।

ਮੀਡੀਆ ਰਿਪੋਰਟਸ ਮੁਤਾਬਿਕ ਜੇਐਨਯੂ ‘ਚ ਕੁੱਟਮਾਰ ਤੋਂ ਪਹਿਲਾਂ ਕਈ ਵਟਸਐਪ ਗਰੁੱਪ ਬਣਾਏ ਗਏ ਸਨ ਜਿਹਨਾਂ ‘ਚ ਹਮਲੇ ਦੀ ਪਲਾਨਿੰਗ ਕੀਤੀ ਗਈ ਸੀ। ਦਿੱਲੀ ਤੋ ਲੈਕੇ ਮੁੰਬਈ, ਕੋਲਕਤਾ, ਇਲਾਹਾਬਾਦ, ਪਟਨਾ ਅਤੇ ਚੰਡੀਗੜ ‘ਚ ਵੀ ਪ੍ਰਰਦਸ਼ਨ ਹੋ ਰਹੋ ਹਨ।
