ਪੰਨੂੰ ਦੀ ਸੰਸਦ ‘ਤੇ ਹਮਲੇ ਦੀ ਧਮਕੀ ਤੋਂ ਬਾਅਦ ਦਿੱਲੀ ਪੁਲਿਸ ਨੇ ਚੌਕਸੀ ਵਧਾਈ

0
1664

ਨਵੀਂ ਦਿੱਲੀ, 6 ਦਸੰਬਰ| ਅਮਰੀਕਾ ’ਚ ਰਹਿ ਰਹੇ ਗਰਮਖ਼ਿਆਲੀ ਗੁਰਪਤਵੰਤ ਸਿੰਘ ਪੰਨੂੰ ਨੇ 13 ਦਸੰਬਰ ਨੂੰ ਸੰਸਦ ’ਤੇ ਹੋਏ ਹਮਲੇ ਦੀ ਵਰ੍ਹੇਗੰਢ ’ਤੇ ਸੰਸਦ ਦੀ ਨੀਂਹ ਹਿਲਾਉਣ ਦੀ ਧਮਕੀ ਦਿੰਦੇ ਹੋਏ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਚੌਕਸੀ ਵਧਾ ਦਿਤੀ ਹੈ।

13 ਦਸੰਬਰ 2001 ਨੂੰ ਸਰਦ ਰੁੱਤ ਇਜਲਾਸ ਦੌਰਾਨ ਸੰਸਦ ’ਤੇ ਅੱਤਵਾਦੀ ਹਮਲਾ ਹੋਇਆ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਸੰਸਦ ਦੇ ਅੰਦਰ ਅਤੇ ਆਲੇ-ਦੁਆਲੇ ਸੁਰੱਖਿਆ ਪਹਿਲਾਂ ਹੀ ਵਧਾ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੀ ਦਿੱਲੀ ’ਚ ਸੁਰੱਖਿਆ ਪ੍ਰਬੰਧ ਵਧਾ ਦਿਤੇ ਗਏ ਹਨ।

ਪੰਨੂੰ ਨੇ ਵੀਡੀਓ ’ਚ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ 13 ਦਸੰਬਰ ਨੂੰ ਜਵਾਬੀ ਕਾਰਵਾਈ ਕਰਨ ਦੀ ਧਮਕੀ ਦਿੱਤੀ। ਵੀਡੀਓ ’ਚ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਤਸਵੀਰ ਵੀ ਸੀ। ਪੰਨੂੰ ਨੇ ਦਾਅਵਾ ਕੀਤਾ ਕਿ ਉਸ ਦੀ ਪ੍ਰਤੀਕਿਰਿਆ ਭਾਰਤੀ ਸੰਸਦ ਦੀ ਨੀਂਹ ਨੂੰ ਹਿਲਾ ਦੇਵੇਗੀ।

ਪੰਨੂ ਦੀ ਨਵੀਂ ਵੀਡੀਉ ਵੇਖਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਪੰਨੂ ਦੀ ਵੀਡੀਓ ਦੀ ਸਮੱਗਰੀ ਨੂੰ ਸੁਣਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਨੂ ਨੂੰ ਇਹ ਕਹਾਣੀ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਕੇ-2 ਡੈਸਕ ਨੇ ਦਿਤੀ ਸੀ। ਵੀਡੀਓ ‘ਚ ਇਕ ਪਾਸੇ ਪੰਨੂ ਖਾਲਿਸਤਾਨ ਦਾ ਏਜੰਡਾ ਚਲਾ ਰਿਹਾ ਹੈ, ਦੂਜੇ ਪਾਸੇ ਅਫ਼ਜ਼ਲ ਗੁਰੂ ਦਾ ਨਾਂ ਲੈ ਕੇ ਕਸ਼ਮੀਰੀ ਅੱਤਵਾਦੀਆਂ ਅਤੇ ਪਾਕਿਸਤਾਨ ਦੇ ਕਸ਼ਮੀਰ ਏਜੰਡੇ ਦਾ ਸਮਰਥਨ ਵੀ ਕਰ ਰਿਹਾ ਹੈ।