ਗੁਜਰਾਤ | ਇਥੋਂ ਦੇ ਸੂਰਤ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੇ ਐਕਸ ਪਤੀ ‘ਤੇ ਉਸ ਨੂੰ ਐੱਚਆਈਵੀ ਪਾਜ਼ੀਟਿਵ ਦਾ ਟੀਕਾ ਲਾਉਣ ਦਾ ਦੋਸ਼ ਲਗਾਇਆ ਹੈ। ਇਲਜ਼ਾਮ ਹੈ ਕਿ ਸਾਬਕਾ ਪਤਨੀ ਨੇ ਉਸ ਕੋਲ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਐਚਆਈਵੀ ਪਾਜ਼ੇਟਿਵ ਮਰੀਜ਼ ਦੇ ਖੂਨ ਵਾਲੀ ਸਰਿੰਜ ਦਾ ਟੀਕਾ ਲਗਾ ਦਿੱਤਾ। ਮੁਲਜ਼ਮ ਦੀ ਪਛਾਣ ਸੂਰਤ ਦੇ ਰਹਿਣ ਵਾਲੇ 35 ਸਾਲਾ ਡਰਾਈਵਰ ਸ਼ੰਕਰ ਕਾਂਬਲੀ ਵਜੋਂ ਹੋਈ ਹੈ।
ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਦੀ ਸ਼ਿਕਾਇਤ ‘ਤੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਰੋਪੀ ਪਤੀ ਨੇ ਅਪਰਾਧ ਵਾਸਤੇ ਇਕ ਟੀਵੀ ਸ਼ੋਅ ਵੇਖ ਕੇ ਪਲਾਨ ਬਣਾਇਆ ਸੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਰੋਪੀ ਨੇ ਦੁਬਾਰਾ ਆਪਣੀ ਤਲਾਕਸ਼ੁਦਾ ਪਤਨੀ ਨੂੰ ਆਪਣੇ ਨਾਲ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇਨਕਾਰ ਕਰ ਦਿੱਤਾ। ਪਤੀ ਨੇ ਔਰਤ ਨੂੰ ਜੱਫੀ ਪਾ ਕੇ ਸਰਿੰਜ ਰਾਹੀਂ ਉਸ ਦੇ ਸਰੀਰ ਵਿਚ HIV ਪਾਜ਼ੀਟਿਵ ਖੂਨ ਦਾ ਟੀਕਾ ਲਗਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਔਰਤ ਕੁਝ ਸਮੇਂ ਲਈ ਬੇਹੋਸ਼ ਹੋ ਗਈ ਅਤੇ ਹੋਸ਼ ‘ਚ ਆਉਣ ਤੋਂ ਬਾਅਦ ਪੁਲਿਸ ਨਾਲ ਸੰਪਰਕ ਕੀਤਾ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਨੂੰ ਦੱਸਿਆ ਗਿਆ ਕਿ ਉਸ ਨੇ ਇਕ ਟੀਵੀ ਸ਼ੋਅ ਦੇਖਿਆ ਸੀ ਜਿਸ ਵਿਚ ਇਕ ਆਦਮੀ ਨੇ ਔਰਤ ਨੂੰ ਕੁੱਤੇ ਦੇ ਖੂਨ ਵਾਲਾ ਟੀਕਾ ਲਗਾਇਆ ਸੀ। ਇਸ ਤੋਂ ਇਕ ਕਦਮ ਅੱਗੇ ਜਾ ਕੇ ਉਸ ਨੇ ਐੱਚਆਈਵੀ ਪਾਜ਼ੀਟਿਵ ਬੰਦੇ ਦਾ ਖੂਨ ਲਿਆ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਐੱਚਆਈਵੀ ਪਾਜ਼ੀਟਿਵ ਖੂਨ ਕਿਵੇਂ ਲਿਆ।
ਪੁਲਿਸ ਨੇ ਦੱਸਿਆ ਕਿ ਦੋਵਾਂ ਦੀ 15 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ। ਝਗੜਿਆਂ ਕਾਰਨ ਦੋਵਾਂ ਦਾ ਤਲਾਕ ਹੋ ਗਿਆ ਸੀ। ਹਾਲਾਂਕਿ ਬੱਚਿਆਂ ਕਾਰਨ ਦੋਵੇਂ ਇਕ-ਦੂਜੇ ਦੇ ਸੰਪਰਕ ‘ਚ ਸਨ। ਪੁਲਿਸ ਨੇ ਕਿਹਾ ਕਿ ਵਿਅਕਤੀ ਨੇ ਇਕ ਮਹੀਨਾ ਪਹਿਲਾਂ ਯੋਜਨਾ ਬਣਾਈ ਸੀ ਤੇ HIV ਪਾਜ਼ੀਟਿਵ ਵਿਅਕਤੀ ਦੇ ਖੂਨ ਦਾ ਵੀ ਇੰਤਜ਼ਾਮ ਕੀਤਾ।
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਐਤਵਾਰ ਨੂੰ ਦੋਵਾਂ ਨੇ ਪੂਰਾ ਦਿਨ ਇਕੱਠੇ ਖਰੀਦਦਾਰੀ ਕੀਤੀ, ਰੈਸਟੋਰੈਂਟਾਂ ਵਿਚ ਖਾਣਾ ਖਾਧਾ ਅਤੇ ਘੁੰਮੇ। ਸ਼ਾਮ ਨੂੰ ਉਹ ਉਸਨੂੰ ਸੁੰਨਸਾਨ ਥਾਂ ‘ਤੇ ਲੈ ਗਿਆ।