ਕੈਪਟਨ ਤੋਂ ਬਾਅਦ CM ਚੁਣਨ ਲਈ ਮੈਨੂੰ ਪਈਆਂ ਸੀ 42 ਵੋਟਾਂ ਤੇ ਚੰਨੀ ਨੂੰ ਸਿਰਫ਼ 2 – ਜਾਖੜ

0
1648

ਫ਼ਾਜ਼ਿਲਕਾ | ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਇਕ ਵਾਇਰਲ ਵੀਡੀਓ ਨੇ ਕਾਂਗਰਸ ‘ਚ ਨਵਾਂ ਵਿਵਾਦ ਸ਼ੁਰੂ ਕਰ ਦਿੱਤਾ ਹੈ। 45 ਸੈਂਕਡ ਦੇ ਵਾਇਰਲ ਹੋ ਰਹੇ ਵੀਡੀਓ ‘ਚ ਜਾਖੜ ਸਾਹਮਣੇ ਬੈਠੇ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਕੈਪਟਨ ਤੋਂ ਬਾਅਦ ਜਦੋਂ ਸੀਐੱਮ ਚੁਣਨਾ ਸੀ ਤਾਂ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸੀ ਪਰ ਸਭ ਤੋਂ ਘੱਟ ਵੋਟਾਂ ਵਾਲੇ ਚਰਨਜੀਤ ਚੰਨੀ ਨੂੰ ਸੀਐੱਮ ਬਣਾ ਦਿੱਤਾ ਗਿਆ।

ਅਜਿਹਾ ਲੱਗ ਰਿਹਾ ਹੈ ਕਿ ਜਾਖੜ ਆਪਣੇ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ, ਜਿਸ ‘ਚ ਉਹ ਕਾਂਗਰਸ ਪਾਰਟੀ ਬਾਰੇ ਖੁੱਲ ਕੇ ਬੋਲ ਰਹੇ ਹਨ। ਉਹ ਵੀਡੀਓ ‘ਚ ਕਹਿ ਰਹੇ ਹਨ ਕਿ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਮਗਰੋਂ ਨਵੇਂ ਸੀਐੱਮ ਲਈ ਵੋਟਿੰਗ ਕਰਵਾਈ ਸੀ, ਜਿਸ ‘ਚ ਉਨ੍ਹਾਂ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਸਨ ਤੇ ਚਰਨਜੀਤ ਸਿੰਘ ਚੰਨੀ ਨੂੰ ਸਿਰਫ਼ 2 ਵੋਟਾਂ ਪਈਆਂ ਸਨ।

ਉਨ੍ਹਾਂ ਕਿਹਾ ਕਿ ਕੈਪਟਨ ਦੇ ਅਸਤੀਫੇ ਮਗਰੋਂ 79 ਵਿਧਾਇਕਾਂ ਨੂੰ ਕਾਂਗਰਸ ਵੱਲੋਂ ਫੋਨ ਕੀਤੇ ਗਏ ਸਨ। ਵੋਟਿੰਗ ਦੌਰਾਨ ਉਨ੍ਹਾਂ ਨੂੰ 42 ਵੋਟਾਂ, ਸੁਖਜਿੰਦਰ ਰੰਧਾਵਾ ਨੂੰ 16 ਵੋਟਾਂ, ਪਰਨੀਤ ਕੌਰ ਨੂੰ 12 ਵੋਟਾਂ, ਨਵਜੋਤ ਸਿੰਘ ਸਿੱਧੂ ਨੂੰ 6 ਵੋਟਾਂ ਅਤੇ ਅਖੀਰ ‘ਚ 2 ਵੋਟਾਂ ਚਰਨਜੀਤ ਸਿੰਘ ਚੰਨੀ ਨੂੰ ਪਈਆਂ।

ਵੀਡੀਓ ‘ਚ ਜਾਖ਼ੜ ਇਹ ਵੀ ਕਹਿ ਰਹੇ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਡਿਪਟੀ ਸੀਐੱਮ ਬਣਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਮਨ੍ਹਾ ਕਰ ਦਿੱਤਾ।

ਸੁਨੀਲ ਜਾਖੜ ਇਸ ਵਾਰ ਵਿਧਾਨ ਸਭਾ ਦੀ ਚੋਣ ਨਹੀਂ ਲੜ ਰਹੇ ਹਨ। ਇਸ ਵੀਡੀਓ ਦਾ ਚੋਣਾਂ ‘ਤੇ ਕੀ ਪ੍ਰਭਾਵ ਪਵੇਗਾ ਇਹ ਤਾਂ ਆਉਣ ਵਾਲੇ ਸਮੇਂ ਦੌਰਾਨ ਹੀ ਪਤਾ ਲੱਗ ਸਕੇਗਾ।