ਚੰਡੀਗੜ੍ਹ |ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਇਰਲ ਹੋਈ ਆਡੀਓ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੰਤਰੀ ਖਿਲਾਫ ਤਿੰਨ ਪੱਧਰ ਤੱਕ ਜਾਂਚ ਚੱਲ ਰਹੀ ਹੈ। ਮੰਤਰੀ ਵਲੋਂ ਜਿਹੜੇ ਟੈਂਡਰਾਂ ‘ਚ ਅਧਿਕਾਰੀਆਂ ਨੂੰ ਫਸਾਉਣ ਦੀ ਗੱਲ ਚੱਲ ਰਹੀ ਹੈ ਉਸਦੀ ਵੀ ਜਾਂਚ ਹੋ ਰਹੀ ਹੈ। ਜਾਂਚ ਦੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਲਦ ਸੌਂਪੀ ਜਾਵੇਗੀ। ਜੇਕਰ ਸਰਾਰੀ ਜਾਂਚ ਵਿਚ ਗਲਤ ਪਾਏ ਗਏ ਤਾਂ ਉਹਨਾਂ ਦੀ ਸਰਦਾਰੀ ਜਾਣੀ ਤੈਅ ਹੈ।
ਵਿਰੋਧੀ ਧਿਰਾਂ ਵਲੋਂ ਵੀ ਸਰਕਾਰ ਉਪਰ ਦਬਾਅ ਪਾਇਆ ਜਾ ਰਿਹਾ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਵੀ ਕਿਹਾ ਹੈ ਕਿ ਸਰਾਰੀ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਰਾਰੀ ਨੂੰ ਲੈ ਕੇ ਪਾਰਟੀ ‘ਚ ਪੈਦਾ ਹੋਈ ਦੁਬਿਧਾ ਦਰਮਿਆਨ ਪੰਜਾਬ ਇਕਾਈ ਦੇ ਸੀਨੀਅਰ ਆਗੂਆਂ ਨੇ ਫੌਜਾ ਸਿੰਘ ਦੇ ਮੁੱਦੇ ‘ਤੇ ਜਲਦ ਹੀ ਮੀਟਿੰਗ ਬੁਲਾਈ ਹੈ। ਮੀਟਿੰਗ ‘ਚ ਇਸ ਮੁੱਦੇ ‘ਤੇ ਪਾਰਟੀ ਦਾ ਪੱਖ ਕੀ ਅਤੇ ਕਿਵੇਂ ਰੱਖਿਆ ਜਾਵੇ, ਇਸ ‘ਤੇ ਵੀ ਚਰਚਾ ਕੀਤੀ ਜਾਵੇਗੀ। ਮੁੱਖ ਮੰਤਰੀ ਦੇ ਵਿਦੇਸ਼ ‘ਚ ਹੋਣ ਕਾਰਨ ਪਾਰਟੀ ਆਗੂਆਂ ਨੇ ਅਜੇ ਤੱਕ ਇਸ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਹੈ।
ਭਾਜਪਾ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਸਰਕਾਰ ਹੋਣ ਦਾ ਢੌਂਗ ਕਰਨ ਵਾਲੀ ਮਾਨ ਸਰਕਾਰ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਦੇ ਕੈਬਨਿਟ ਮੰਤਰੀ ਸਰਾਰੀ ਦੇ ਭ੍ਰਿਸ਼ਟਾਚਾਰ ਦੀ ਪੂਰੀ ਕਹਾਣੀ ਦੁਨੀਆਂ ਦੇ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਹੈ ਕਿ ਭਾਜਪਾ ਦਾ ਵਫ਼ਦ ਜਲਦੀ ਹੀ ਰਾਜਪਾਲ ਨਾਲ ਮੁਲਾਕਾਤ ਕਰੇਗਾ ਤਾਂ ਜੋ ਸਰਾਰੀ ਦੀ ਵਾਇਸ ਕਲਿੱਪ ਦੀ ਸੀਬੀਆਈ ਜਾਂਚ ਕਰਵਾਈ ਜਾ ਸਕੇ।