6 ਸਾਲ ਦੇ ਮਾਸੂਮ ਬੱਚੇ ਦੀ ਦਿੱਤੀ ਬਲੀ, ਦੋਸ਼ੀਆਂ ਨੇ ਕਿਹਾ – “ਰੱਬ ਨੇ ਬਲੀ ਦੇਣ ਲਈ ਕਿਹਾ ਸੀ”

0
338

ਦਿੱਲੀ| ਦੱਖਣੀ ਦਿੱਲੀ ਦੀ ਲੋਧੀ ਕਾਲੋਨੀ ‘ਚ ਅੰਧਵਿਸ਼ਵਾਸ ਕਾਰਨ ਨਸ਼ੇ ਦੀ ਹਾਲਤ ਵਿੱਚ ਦੋ ਨੌਜਵਾਨਾਂ ਵਲੋਂ 6 ਸਾਲ ਦੇ ਮਾਸੂਮ ਬੱਚੇ ਦੀ ਗਲਾ ਵੱਢ ਕੇ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਦੋਵੇਂ ਮੁਲਜ਼ਮ ਫੜੇ ਗਏ ਤਾਂ ਉਹ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਕਿਹਾ ਕਿ ਰੱਬ ਨੇ ਉਨ੍ਹਾਂ ਨੂੰ ਬਲੀ ਦੇਣ ਲਈ ਕਿਹਾ ਸੀ, ਜਿਸ ਕਾਰਨ ਉਨ੍ਹਾਂ ਨੇ ਬੱਚੇ ਨੂੰ ਮਾਰ ਦਿੱਤਾ।

ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਇਹ ਘਟਨਾ ਦਿੱਲੀ ਦੇ ਪੌਸ਼ ਖੇਤਰ ਲੋਧੀ ਕਾਲੋਨੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਹੈੱਡਕੁਆਰਟਰ ਦੇ ਨਿਰਮਾਣ ਸਥਾਨ ‘ਤੇ ਵਾਪਰੀ। ਐਤਵਾਰ ਰਾਤ ਨੂੰ ਦਿੱਲੀ ਪੁਲਿਸ ਨੂੰ ਲੋਧੀ ਕਾਲੋਨੀ ਤੋਂ ਇੱਕ ਪੀਸੀਆਰ ਕਾਲ ਮਿਲੀ ਕਿ ਦੋ ਵਿਅਕਤੀਆਂ ਨੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਇੱਕ 6 ਸਾਲ ਦੇ ਲੜਕੇ ਦਾ ਗਲਾ ਵੱਢ ਦਿੱਤਾ ਹੈ।

ਦਿੱਲੀ ਪੁਲਿਸ ਮੁਤਾਬਕ ਦੋਵਾਂ ਸ਼ੱਕੀਆਂ ਨੂੰ ਉਸਾਰੀ ਵਾਲੀ ਥਾਂ ‘ਤੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਫੜ ਲਿਆ। ਮਾਰਿਆ ਗਿਆ ਬੱਚਾ ਨਿਰਮਾਣ ਖੇਤਰ ਦੇ ਮਜ਼ਦੂਰ ਦਾ ਪੁੱਤਰ ਸੀ, ਜੋ ਉੱਤਰ ਪ੍ਰਦੇਸ਼ ਦੇ ਬਰੇਲੀ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ ਕਤਲ ਦੇ ਦੋਵੇਂ ਮੁਲਜ਼ਮ ਵਿਜੇ ਕੁਮਾਰ ਅਤੇ ਅਮਨ ਕੁਮਾਰ ਬਿਹਾਰ ਦੇ ਰਹਿਣ ਵਾਲੇ ਹਨ। ਦੋਵੇਂ ਉਸਾਰੀ ਵਾਲੀ ਥਾਂ ‘ਤੇ ਸੀਮਿੰਟ ਕਟਰ ਦਾ ਕੰਮ ਕਰਦੇ ਸਨ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਦੋਵੇਂ ਮੁਲਜ਼ਮ ਨਸ਼ੇ ‘ਚ ਸਨ।