ਬਿਜਲੀ ਵਿਭਾਗ ਦਾ ਕਾਰਨਾਮਾ : ਦਿਹਾੜੀ-ਮਜ਼ਦੂਰੀ ਕਰਦੇ ਪਰਿਵਾਰ ਨੂੰ ਭੇਜਿਆ 58 ਲੱਖ ਰੁਪਏ ਦਾ ਬਿੱਲ

0
303

ਉਤਰ ਪ੍ਰਦੇਸ਼, 17 ਦਸੰਬਰ | ਇਥੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਯੂਪੀ ਬਿਜਲੀ ਵਿਭਾਗ ਵੱਲੋਂ ਇਕ ਮਜ਼ਦੂਰ ਨੂੰ 58 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ। ਮਜ਼ਦੂਰ ਦੇ ਘਰ ਸਿਰਫ਼ 3 ਬਲਬ ਅਤੇ ਇਕ ਪੱਖਾ ਹੈ। 58 ਲੱਖ ਰੁਪਏ ਦਾ ਬਿੱਲ ਦੇਖ ਕੇ ਮਜ਼ਦੂਰ ਹੈਰਾਨ ਪਰੇਸ਼ਾਨ ਹੈ ਅਤੇ ਬਿਜਲੀ ਵਿਭਾਗ ਦੇ ਦਫਤਰਾਂ ਦੇ ਚੱਕਰ ਲਗਾ ਰਿਹਾ ਹੈ। ਮਾਮਲਾ ਦੁਬੌਲੀਆ ਬਲਾਕ ਦੇ ਚਕਮਾ ਪਿੰਡ ਦੇ ਅੰਤੋਦਿਆ ਕਾਰਡ ਧਾਰਕ ਦੀਨਾਨਾਥ ਦਾ ਹੈ। ਬਿਜਲੀ ਵਿਭਾਗ ਨੇ ਜ਼ਿਆਦਾ ਬਿੱਲ ਬਕਾਇਆ ਹੋਣ ਕਾਰਨ 6 ਮਹੀਨੇ ਪਹਿਲਾਂ ਘਰ ਦਾ ਕੁਨੈਕਸ਼ਨ ਕੱਟ ਦਿੱਤਾ ਸੀ।

ਹੁਣ ਅਜਿਹੀ ਹਾਲਤ ਵਿਚ ਪੀੜਤ ਆਪਣਾ ਬਿਜਲੀ ਬਿੱਲ ਠੀਕ ਕਰਵਾਉਣ ਅਤੇ ਕੁਨੈਕਸ਼ਨ ਜੋੜਨ ਲਈ ਵਿਭਾਗ ਦੇ ਦਫ਼ਤਰ ਦੇ ਚੱਕਰ ਲਗਾ ਰਿਹਾ ਹੈ। ਅਧਿਕਾਰੀ ਭਰੋਸੇ ਤੋਂ ਬਾਅਦ ਭਰੋਸਾ ਦੇ ਰਹੇ ਹਨ। ਦੀਨਾਨਾਥ ਨੂੰ ਸਾਲ 2017 ਵਿਚ ਦੁਬੌਲਿਆ ਬਲਾਕ ਹੈੱਡ ਕੁਆਰਟਰ ‘ਤੇ ਲੱਗੇ ਕੈਂਪ ਵਿਚ ਮੁਫਤ ਬਿਜਲੀ ਕੁਨੈਕਸ਼ਨ ਮਿਲਿਆ ਸੀ। ਇਕ ਸਾਲ ਤੱਕ ਬਿਜਲੀ ਦਾ ਬਿੱਲ ਅਦਾ ਕੀਤਾ ਪਰ ਅਚਾਨਕ ਬਿੱਲ ਵਧਣ ਲੱਗਾ। ਇਸ ਕਾਰਨ ਉਹ ਬਿੱਲ ਠੀਕ ਕਰਵਾਉਣ ਲਈ ਗੇੜੇ ਮਾਰ ਰਿਹਾ ਹੈ। ਦਸੰਬਰ ਮਹੀਨੇ ਵਿਚ ਪੀੜਤ ਦਾ ਬਿੱਲ 58 ਲੱਖ 40 ਹਜ਼ਾਰ 551 ਰੁਪਏ ਸੀ।

ਪੀੜਤ ਨੇ ਦੱਸਿਆ ਕਿ ਬਿੱਲ ਜ਼ਿਆਦਾ ਹੋਣ ਕਾਰਨ 6 ਮਹੀਨੇ ਪਹਿਲਾਂ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ। ਅਜਿਹੇ ਵਿਚ ਉਹ ਰਾਤ ਨੂੰ ਆਪਣੇ ਤਿੰਨ ਬੱਚਿਆਂ ਅਤੇ ਪਤਨੀ ਨਾਲ ਹਨੇਰੇ ਵਿਚ ਰਹਿਣ ਲਈ ਮਜਬੂਰ ਹੈ। ਦੀਨਾਨਾਥ ਨੇ ਦੱਸਿਆ ਕਿ ਬਿੱਲ ਠੀਕ ਕਰਵਾਉਣ ਲਈ ਉਸ ਨੇ ਕਈ ਵਾਰ ਪੱਤਰ ਦਿੱਤਾ ਪਰ ਸਿਰਫ਼ ਭਰੋਸਾ ਹੀ ਦਿੱਤਾ ਜਾ ਰਿਹਾ ਹੈ। ਦੀਨਾਨਾਥ ਨੇ ਦੱਸਿਆ ਕਿ ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਹੈ। ਘਰ ਵਿਚ ਇਕ ਕਮਰਾ ਅਤੇ ਇਕ ਵਰਾਂਡਾ ਹੈ। ਇਸ ਵਿਚ ਸਿਰਫ਼ ਇਕ ਪੱਖਾ ਅਤੇ ਤਿੰਨ ਬੱਲਬ ਲੱਗੇ ਹੋਏ ਹਨ, ਅਜਿਹੇ ਵਿਚ ਇੰਨਾ ਬਿੱਲ ਕਿਵੇਂ ਆ ਰਿਹਾ ਹੈ ਮੈਨੂੰ ਸਮਝ ਨਹੀਂ ਆ ਰਿਹਾ। ਇਸ ਸਬੰਧੀ ਬਿਜਲੀ ਵਿਭਾਗ ਦੇ ਅੰਕੁਰ ਅਵਸਥੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਤੁਰੰਤ ਸਹੀ ਬਿੱਲ ਉਪਭੋਗਤਾ ਨੂੰ ਉਪਲਬਧ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।