ਅਬੋਹਰ : 3 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਨਹਿਰ ‘ਚੋਂ ਮਿਲੀ ਲਾਸ਼, 1 ਬੱਚੇ ਦਾ ਸੀ ਪਿਤਾ

0
163

ਅਬੋਹਰ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਅਬੋਹਰ ‘ਚ ਸ਼ੁੱਕਰਵਾਰ ਨੂੰ ਇਕ ਲਾਪਤਾ ਨੌਜਵਾਨ ਦੀ ਲਾਸ਼ ਨਹਿਰ ‘ਚੋਂ ਮਿਲੀ। ਮ੍ਰਿਤਕ ਦੀਆਂ ਚੱਪਲਾਂ ਹਨੂੰਮਾਨਗੜ੍ਹ ਰੋਡ ਤੋਂ ਲੰਘਦੀ ਨਹਿਰ ਦੇ ਕੰਢੇ ਤੋਂ ਮਿਲੀਆਂ ਸਨ ਅਤੇ ਅੱਜ ਉਸ ਦੀ ਲਾਸ਼ ਜੰਡਵਾਲਾ ਨੇੜੇ ਨਹਿਰ ਵਿਚੋਂ ਬਰਾਮਦ ਹੋਈ। ਪੁਲਿਸ ਨੂੰ ਇਕ ਲੈਟਰ ਵੀ ਮਿਲਿਆ ਹੈ, ਜਿਸ ‘ਚ ਕੁਝ ਲੋਕਾਂ ‘ਤੇ ਦੋਸ਼ ਲਗਾਇਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅਮਰਜੀਤ ਪੁੱਤਰ ਸਵਰਨ ਸਿੰਘ ਵਿਆਹਿਆ ਹੋਇਆ ਸੀ ਅਤੇ ਇਕ ਬੱਚੇ ਦਾ ਪਿਤਾ ਸੀ। 3 ਦਿਨ ਪਹਿਲਾਂ ਮਾਨਸਿਕ ਪ੍ਰੇਸ਼ਾਨੀ ਕਾਰਨ ਘਰ ‘ਚ ਕਿਸੇ ਨੂੰ ਦੱਸੇ ਬਿਨਾਂ ਚਲਾ ਗਿਆ। ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਜਦੋਂ ਪੁਲਿਸ ਨੇ ਭਾਲ ਕੀਤੀ ਤਾਂ ਉਸ ਦੀਆਂ ਚੱਪਲਾਂ ਨਹਿਰ ਦੇ ਕੰਢੇ ਤੋਂ ਮਿਲੀਆਂ।

ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ‘ਚ ਉਸ ਦੀ ਭਾਲ ਕੀਤੀ ਤਾਂ ਲਾਸ਼ ਜੰਡਵਾਲਾ ਨੇੜੇ ਨਹਿਰ ‘ਚੋਂ ਬਰਾਮਦ ਹੋਈ। ਸੂਚਨਾ ਮਿਲਣ ’ਤੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਸੋਨੂੰ ਗਰੋਵਰ ਅਤੇ ਬਿੱਟੂ ਨਰੂਲਾ ਪੁਲਿਸ ਦੇ ਏਐਸਆਈ ਗੁਰਮੇਲ ਸਿੰਘ ਅਤੇ ਐਸਆਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ।

ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਮਰਜੀਤ ਵੱਲੋਂ ਲਿਖਿਆ ਇਕ ਲੈਟਰ ਵੀ ਬਰਾਮਦ ਹੋਇਆ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ।