ਅਬੋਹਰ : ਫਿਰੌਤੀ ਮੰਗਣ ਆਏ ਲਾਰੈਂਸ ਦੇ ਸਾਥੀਆਂ ਤੇ ਪੁਲਿਸ ਵਿਚਾਲੇ ਮੁਕਾਬਲਾ, ਇਕ ਦੇ ਲੱਤ ‘ਚ ਗੋਲ਼ੀ ਵੱਜੀ

0
771

ਅਬੋਹਰ| ਫਿਰੌਤੀ ਮੰਗਣ ਆਏ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਦੀ ਖਬਰ ਆਈ ਹੈ। ਗੋਲੀਬਾਰੀ ਵਿਚ ਇਕ ਮੁਲਜ਼ਮ ਜ਼ਖਮੀ ਹੋਇਆ ਹੈ। ਪੁਲਿਸ ਨੇ ਪਿੱਛਾ ਕਰਕੇ ਉਸ ਦੇ ਦੋ ਸਾਥੀਆਂ ਨੂੰ ਵੀ ਕਾਬੂ ਕਰ ਲਿਆ ਹੈ।

ਅਬੋਹਰ ਦੇ ਬਹਾਵਵਾਲਾ ਥਾਣਾ ਰਾਜਾਵਾਲੀ ਦੇ ਰਹਿਣ ਵਾਲੇ ਸੋਨੂੰ ਪੁੱਤਰ ਧਰਮਪਾਲ ਅਤੇ ਸਚਿਨ ਪੁੱਤਰ ਰਾਮ ਕੁਮਾਰ ਵਾਸੀ ਰਾਮਪੁਰਾ ਦਾ ਪਿੱਛਾ ਕਰਕੇ ਕੁਝ ਦੂਰੀ ‘ਤੇ ਕਾਬੂ ਕਰ ਲਿਆ ਗਿਆ। ਸ਼ਹਿਰ ਦੇ ਇਕ ਵਪਾਰੀ ਤੋਂ ਫਿਰੌਤੀ ਮੰਗਣ ਆਏ ਲਾਰੈਂਸ ਗੈਂਗ ਦੇ ਬਾਈਕ ਸਵਾਰਾਂ ਨੇ ਵੀਰਵਾਰ ਰਾਤ ਪੁਲਿਸ ਉਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿੱਚ ਇੱਕ ਮੁਲਜ਼ਮ ਦੇ ਗੋਡੇ ਉਤੇ ਗੋਲ਼ੀ ਲੱਗੀ ਹੈ।

ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਹੁੰਦੇ ਹੀ ਬਾਈਕ ਸਵਾਰ ਕੱਚੀ ਸੜਕ ਉਤੇ ਡਿੱਗ ਗਏ। ਦੋ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੋਵਾਂ ਨੂੰ ਥਾਣਾ ਕੋਤਵਾਲੀ ਲਿਆਂਦਾ ਗਿਆ ਜਦੋਂਕਿ ਜ਼ਖਮੀ ਮੁਲਜ਼ਮ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਫਰਵਰੀ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੇ ਨਾਂ ਉਤੇ ਸ਼ਹਿਰ ਦੇ ਇਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪਹਿਲਾਂ ਉਸ ਨੂੰ ਫੋਨ ਉਤੇ ਧਮਕੀ ਦਿੱਤੀ ਗਈ ਅਤੇ ਬਾਅਦ ‘ਚ ਕਾਰੋਬਾਰੀ ਨੂੰ ਇਕ ਵਾਰ ਫਿਰ ਧਮਕੀ ਦਿੱਤੀ ਗਈ। ਪੁਲਿਸ ਨੇ ਮੁਲਜ਼ਮਾਂ ਸਬੰਧੀ ਤਕਨੀਕੀ ਜਾਣਕਾਰੀ ਇਕੱਠੀ ਕੀਤੀ ਅਤੇ ਮੁਖਬਰਾਂ ਤੋਂ ਮੁਲਜ਼ਮਾਂ ਬਾਰੇ ਪਤਾ ਕੀਤਾ।

ਮੁਲਜ਼ਮਾਂ ਦੀ ਭਾਲ ਕਰਦੇ ਹੋਏ ਪੁਲਿਸ ਨੂੰ ਮੁਲਜ਼ਮਾਂ ਦੇ ਸ੍ਰੀਗੰਗਾਨਗਰ ਵੱਲ ਆਉਣ ਦੀ ਸੂਚਨਾ ਮਿਲੀ। ਜਦੋਂ ਪੁਲਿਸ ਟੀਮ ਪਿੰਡ ਸਾਧੂਵਾਲੀ ਨੇੜੇ ਪੁੱਜੀ ਤਾਂ ਤਿੰਨ ਮੋਟਰਸਾਈਕਲ ਸਵਾਰ ਮੁਲਜ਼ਮਾਂ ਨੇ ਪੁਲਿਸ ਦੀ ਕਾਰ ਨੂੰ ਦੇਖ ਕੇ ਨਹਿਰ ਦੇ ਨਾਲ ਵਾਲੀ ਕੱਚੀ ਸੜਕ ਵੱਲ ਮੋਟਰਸਾਈਕਲ ਭਜਾ ਲਿਆ।

ਇਸ ’ਤੇ ਪੁਲਿਸ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ। ਪੁਲਿਸ ਦੀ ਗੱਡੀ ਨੂੰ ਨੇੜੇ ਆਉਂਦੀ ਦੇਖ ਮੁਲਜ਼ਮਾਂ ਨੇ ਪੁਲਿਸ ’ਤੇ ਗੋਲ਼ੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿਚ ਪੰਜਾਬ ਦੇ ਬਹਾਵਵਾਲਾ ਥਾਣਾ ਖੇਤਰ ਦੇ ਪਿੰਡ ਰਾਜਾਵਾਲੀ ਦੇ ਵਾਸੀ ਹਰੀਸ਼ ਪੁੱਤਰ ਮਨੋਹਰ ਲਾਲ ਦੀ ਲੱਤ ਵਿੱਚ ਗੋਲ਼ੀ ਲੱਗੀ। ਗੋਲ਼ੀ ਲੱਗਦੇ ਹੀ ਬਾਈਕ ਸੜਕ ਕਿਨਾਰੇ ਡਿੱਗ ਗਈ ਅਤੇ ਪੁਲਿਸ ਟੀਮ ਨੇ ਹਰੀਸ਼ ਅਤੇ ਉਸ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ।