ਮਾਝੇ ‘ਚ ਮਜ਼ਬੂਤ ਹੋਈ AAP : ਭੁਪਿੰਦਰ ਸਿੰਘ ਸੰਧੂ ਤੇ NSUI ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਕੰਵਰ ਸੰਧੂ ਆਪ ‘ਚ ਹੋਏ ਸ਼ਾਮਲ

0
7648

ਚੰਡੀਗੜ੍ਹ, 29 ਮਈ | ਖਡੂਰ ਸਾਹਿਬ ਲੋਕ ਸਭਾ ਹਲਕੇ ‘ਚ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਬੁੱਧਵਾਰ ਨੂੰ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਭੁਪਿੰਦਰ ਸਿੰਘ ਸੰਧੂ (ਬਿੱਟੂ) ‘ਆਪ’ ‘ਚ ਸ਼ਾਮਲ ਹੋ ਗਏ ਹਨ।

ਆਜ਼ਾਦ ਉਮੀਦਵਾਰ ਵਜੋਂ ਵਿਧਾਇਕ ਦੀ ਚੋਣ ਲੜਨ ਤੋਂ ਪਹਿਲਾਂ ਭੁਪਿੰਦਰ ਸਿੰਘ ਸੰਧੂ ਕਾਂਗਰਸ ਪਾਰਟੀ ਦੇ ਮੈਂਬਰ ਸਨ। ਉਹ 2016 ‘ਚ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ 2011 ‘ਚ ਰੇਲਵੇ ਬੋਰਡ (ਉੱਤਰੀ) ਦੇ ਮੈਂਬਰ ਸਨ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਖਵਾਸਪੁਰ ਦੇ ਸਰਪੰਚ ਵਜੋਂ ਕੀਤੀ। ਉਹ ਖਡੂਰ ਸਾਹਿਬ ਦੇ ਮੈਂਬਰ ਬਲਾਕ ਸੰਮਤੀ, ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਖੇਤੀਬਾੜੀ ਸਹਿਕਾਰੀ ਸਭਾ ਭਾਰੋਵਾਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਭੁਪਿੰਦਰ ਸਿੰਘ ਸੰਧੂ ਪਿਛਲੇ 25 ਸਾਲਾਂ ਤੋਂ ਸਿਆਸਤ ‘ਚ ਸਰਗਰਮ ਹਨ, ਉਨ੍ਹਾਂ ਦੀ ਖਡੂਰ ਸਾਹਿਬ ਹਲਕੇ ‘ਚ ਚੰਗੀ ਪਕੜ ਹੈ। ਆਮ ਆਦਮੀ ਪਾਰਟੀ ‘ਚ ਉਨ੍ਹਾਂ ਦੀ ਮੌਜੂਦਗੀ ਪਾਰਟੀ ਨੂੰ ਹੋਰ ਮਜ਼ਬੂਤ ਕਰੇਗੀ।

ਉਨ੍ਹਾਂ ਤੋਂ ਇਲਾਵਾ ਐਨ.ਐਸ.ਯੂ.ਆਈ. ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਕੰਵਰ ਸੰਧੂ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਉਹ ਵਿਦਿਆਰਥੀ ਰਾਜਨੀਤੀ ਤੋਂ ਆਏ ਹਨ ਅਤੇ ਨੌਜਵਾਨਾਂ ‘ਚ ਉਹ ਚੰਗੀ ਪਕੜ ਰੱਖਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਦੋਵਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਸਾਡੀਆਂ ਲੋਕ ਪੱਖੀ ਨੀਤੀਆਂ ਕਾਰਨ ਵੱਧ ਤੋਂ ਵੱਧ ਲੋਕ ‘ਆਪ’ ‘ਚ ਸ਼ਾਮਲ ਹੋ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਲਈ ਕੰਮ ਕਰਨ ਵਾਲੇ ਇਮਾਨਦਾਰ ਲੋਕਾਂ ਲਈ ‘ਆਮ ਆਦਮੀ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।