ਰੇਤ ਮਾਫ਼ੀਆ ਦੇ ਖ਼ਿਲਾਫ਼ ‘ਆਪ’ ਵਿਧਾਇਕਾਂ ਨੇ ਵਿਧਾਨ ਸਭਾ ਸਾਹਮਣੇ ਕੈਪਟਨ ਸਰਕਾਰ ਨੂੰ ਘੇਰਿਆ, ਜ਼ੋਰਦਾਰ ਪ੍ਰਦਰਸ਼ਨ

    0
    369

    ਚੰਡੀਗੜ. ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰੇਤਾ ਬਜਰੀ ਮਾਫ਼ੀਆ ਦੇ ਖ਼ਿਲਾਫ਼ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਹਰਪਾਲ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੇ ਰਾਜ ਵਿਚ ਕੁਦਰਤੀ ਸਰੋਤਾਂ ਦੀ ਜਮ ਕੇ ਲੁੱਟ ਹੋ ਰਹੀ ਹੈ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਇਸ ਲੁੱਟ ਵਿਚ ਸ਼ਾਮਲ ਹਨ ਅਤੇ ਸੂਬੇ ਅੰਦਰ ਰੇਤ ਮਾਫ਼ੀਆ ਆਪਣੇ ਪੈਰ ਪਸਾਰ ਚੁੱਕਾ ਹੈ। ਉਹਨਾਂ ਕਿਹਾ ਕਿ ਜੋ ਸਿਆਸੀ ਸਰਪ੍ਰਸਤੀ ਰੇਤ ਮਾਫ਼ੀਆ ਅਤੇ ਗੁੰਡਾ ਅਨਸਰਾਂ ਨੂੰ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਮਿਲੀ ਹੋਈ ਸੀ, ਉਹ ਸਿਆਸੀ ਸਰਪ੍ਰਸਤੀ ਮੌਜੂਦਾ ਕਾਂਗਰਸ ਸਰਕਾਰ ਦੇ ਵਿਚ ਵੀ ਉਸੇ ਤਰਾਂ ਜਾਰੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਰੇਤ ਮਾਫ਼ੀਆ ਨੂੰ ਕੰਟਰੋਲ ਕਰਨ ਵਿਚ ਬੁਰੀ ਤਰਾਂ ਫ਼ੇਲ੍ਹ ਹੋਈ ਹੈ, ਜਿਸ ਨਾਲ ਰੇਤ-ਬਜਰੀ ਦੀਆਂ ਕੀਮਤਾਂ ਅਸਮਾਨੀ ਚੜ ਚੁੱਕਿਆਂ ਹਨ।

    ਅਮਨ ਅਰੋੜਾ ਨੇ ਹੱਥ ਵਿਚ ਤੱਕੜੀ ਫੜ ਕੇ ਰੇਤ ਨੂੰ ਸੋਨੇ ਦੇ ਬਰਾਬਰ ਤੋਲਦਿਆਂ ਕਿਹਾ ਕਿ ਰੇਤ-ਬਜਰੀ ਦੀਆਂ ਕੀਮਤਾਂ ਸੋਨੇ ਦੇ ਭਾਅ ਹੋ ਗਈਆਂ ਹਨ। ਇਸ ਸਮੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਤੱਕੜੀ ਰੱਖ ਕੇ ਸੋਨੇ ਦਾ ਭਾਅ ਰੇਤਾ ਵੇਚਣ ਦਾ ਚਿੰਨ੍ਹਾਤਮਕ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਸਰਕਾਰ ਨੂੰ ਜਗਾਉਣ ਲਈ ਨਾਰੇ ਬਾਜ਼ੀ ਵੀ ਕੀਤੀ।

    ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਜੋ ਅਫ਼ਸਰ ਇਸ ਮਾਇਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਜੋ ਵੀ ਇਸ ਲੁੱਟ ਦੇ ਖੇਲ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸ ਉੱਪਰ ਕਾਂਗਰਸ ਦੇ ਕਰਿੰਦਿਆਂ ਵੱਲੋਂ ਹਮਲੇ ਕੀਤੇ ਜਾਂਦੇ ਹਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ, ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ ਅਤੇ ਬੁਲਾਰੇ ਗੋਵਿੰਦਰ ਮਿੱਤਲ, ਦਿਨੇਸ਼ ਚੱਢਾ ਆਦਿ ਹਾਜ਼ਰ ਸਨ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।