ਕੈਪਟਨ ਦੇ ਗੈਂਗਸਟਰਾਂ ਦੇ ਗੋਲ਼ੀ ਮਾਰਨ ਦੇ ਬਿਆਨ ‘ਤੇ ‘ਆਪ’ ਵਿਧਾਇਕ ਦੇਵ ਮਾਨ ਦਾ ਤੰਜ, ਕਿਹਾ- ਕੈਪਟਨ ਆਪਣੇ ਵੇਲੇ ਤਾਂ ਸੀਤਾ ਫਲ਼ ਖਾਂਦੇ ਰਹੇ, ਕਿਉਂ ਨਹੀਂ ਕੀਤੀ ਗੈਂਗਸਟਰਾਂ ‘ਤੇ ਕਾਰਵਾਈ

0
471

ਚੰਡੀਗੜ੍ਹ। ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਨੇ ਭਾਜਪਾ ਵਿੱਚ ਸ਼ਾਮਿਲ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਗੈਂਗਸਟਰਾਂ ਨੂੰ ਗੋਲੀ ਮਾਰਨ ਵਾਲੇ ਦਿੱਤੇ ਬਿਆਨ ਉਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਵਿਧਾਇਕ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਜਦੋ ਤੁਸੀਂ ਮੁੱਖ ਮੰਤਰੀ ਸੀ ਉਸ ਵੇਲੇ ਤੁਸੀਂ ਸੀਤਾਫਲ ਖਾਂਦੇ ਰਹੇ। ਉਸ ਵੇਲੇ ਤੁਸੀਂ ਗੈਂਗਸਟਰਾਂ ਉਤੇ ਕਾਰਵਾਈ ਕਿਉਂ ਨਹੀਂ ਕੀਤੀ। ਵਿਧਾਇਕ ਮਾਨ ਨੇ ਕਿਹਾ ਕਿ ਗੈਂਗਸਟਰਾਂ ਨੂੰ ਗੋਲੀ ਨਹੀਂ ਮਾਰਣੀ ਚਾਹੀਦੀ। ਉਨ੍ਹਾਂ ਨੂੰ ਕਾਨੂੰਨ ਮੁਤਾਬਕ ਹੀ ਸਜਾ ਮਿਲਣੀ ਚਾਹੀਦੀ ਹੈ।

ਦੱਸ ਦਈਏ ਕਿ ਬੀਤੇ ਦਿਨ ਮੀਡੀਆ ਨੂੰ ਦਿੱਤੇ ਇੰਟਰਵਿਊ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਖਤਮ ਕਰਨ ਲਈ ਗੋਲ਼ੀ ਮਾਰ ਦੇਣੀ ਚਾਹੀਦੀ ਹੈ। ਇਸ ਦੇ ਜਵਾਬ ਵਿੱਚ ਵਿਧਾਇਕ ਦੇਵ ਮਾਨ ਦਾ ਬਿਆਨ ਸਾਹਮਣੇ ਆਇਆ ਹੈ। 

ਕੈਪਟਨ ਨੇ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਉਤੇ ਖੂਬ ਨਿਸ਼ਾਨੇ ਲਾਏ ਸਨ। ਆਪ੍ਰੇਸ਼ਨ ਲੋਟਸ ਬਾਰੇ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ  ਸੀ ਕਿ ਇਹ ਸਿਰਫ ਬੀਜੇਪੀ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਮਾਨ ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਅਜਿਹੀਆਂ ਗੱਲਾਂ ਬਣਾ ਰਹੀ ਹੈ। ਮਾਨ ਸਰਕਾਰ ਨੇ ਹਾਲੇ ਤੱਕ ਔਰਤਾਂ ਨੂੰ 1000 ਹਜ਼ਾਰ ਰੁਪਏ ਕਿਉਂ ਨਹੀਂ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਆਪਣੇ ਸਮਰਥਕਾਂ ਸਮੇਤ 19 ਸਤੰਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਨਵੀਂ ਬਣੀ ਪਾਰਟੀ ਪੀਐੱਲਸੀ ਨੂੰ ਵੀ ਭਾਜਪਾ ਵਿੱਚ ਰਲੇਵਾਂ ਕਰ ਲਿਆ ਹੈ।