ਫਰੀਦਕੋਟ ‘ਚ ਮਾਸੀ ਦੀ ਨਾਬਾਲਗ ਧੀ ਨੂੰ ਲੈ ਕੇ ਭੱਜਿਆ ਨੌਜਵਾਨ, ਘਟਨਾ ਸਮੇਂ ਮਾਪੇ ਨਹੀਂ ਸਨ ਘਰ

0
4346

ਫਰੀਦਕੋਟ, 16 ਦਸੰਬਰ | ਫਰੀਦਕੋਟ ‘ਚ 17 ਸਾਲ ਦੀ ਨਾਬਾਲਗ ਲੜਕੀ ਨੂੰ ਉਸ ਦੇ ਘਰੋਂ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਪੀੜਤਾ ਨੂੰ ਬਰਾਮਦ ਕਰਨ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਸਵੇਰੇ ਕਿਸੇ ਜ਼ਰੂਰੀ ਕੰਮ ਲਈ ਘਰੋਂ ਨਿਕਲਿਆ ਸੀ। ਜਦੋਂ ਉਹ ਘਰ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਵੱਡੀ ਲੜਕੀ ਘਰ ਨਹੀਂ ਸੀ। ਕਾਫੀ ਭਾਲ ਕਰਨ ਦੇ ਬਾਵਜੂਦ ਉਹ ਕਿਧਰੇ ਨਹੀਂ ਮਿਲੀ।

ਇਸ ਦੌਰਾਨ ਪਿਤਾ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਸਾਲੀ ਦਾ ਲੜਕਾ ਮੁਲਜ਼ਮ ਗੁਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ, ਸਾਲੀ ਰਾਣੀ ਪਤਨੀ ਕੁਲਦੀਪ ਸਿੰਘ ਅਤੇ ਉਸ ਦਾ ਸਾਢੂ ਕੁਲਦੀਪ ਸਿੰਘ ਪੁੱਤਰ ਨਛੱਤਰ ਸਿੰਘ ਉਨ੍ਹਾਂ ਦੇ ਘਰ ਆਏ ਹੋਏ ਸਨ। ਗੁਰਪ੍ਰੀਤ ਸਿੰਘ ਉਨ੍ਹਾਂ ਦੀ ਨਾਬਾਲਗ ਲੜਕੀ ਨੂੰ ਵਿਆਹ ਦੇ ਬਹਾਨੇ ਆਪਣੇ ਨਾਲ ਲੈ ਗਿਆ।

ਬਰਗਾੜੀ ਚੌਕੀ ਦੇ ਇੰਚਾਰਜ ਗੁਰਮੇਜ ਸਿੰਘ ਨੇ ਦੱਸਿਆ ਕਿ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਦੀ ਪਹਿਲ ਨਾਬਾਲਗ ਦੀ ਬਰਾਮਦਗੀ ਦੇ ਨਾਲ-ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਹੈ।