ਪਾਵਰਕਾਮ ਦੀ ਗਲਤੀ ਕਾਰਨ ਗਈ ਨੌਜਵਾਨ ਦੀ ਜਾਨ, ਸੜਕ ‘ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਦੀ ਆਇਆ ਲਪੇਟ ‘ਚ

0
141

ਜਲੰਧਰ, 7 ਜਨਵਰੀ | ਲੰਮਾ ਪਿੰਡ ਚੌਕ ਨੇੜੇ ਫ਼ੋਨ ‘ਤੇ ਗੱਲ ਕਰਦੇ ਸਮੇਂ ਸੜਕ ਤੋਂ ਲੰਘ ਰਿਹਾ ਇੱਕ ਨੌਜਵਾਨ ਬਿਜਲੀ ਦੀ ਤਾਰ ਦੀ ਲਪੇਟ ‘ਚ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਕਤ ਬਿਜਲੀ ਦੀਆਂ ਤਾਰਾਂ ਸੜਕ ‘ਤੇ ਪਈਆਂ ਸਨ। ਪਾਵਰਕਾਮ ਦੀ ਗਲਤੀ ਕਾਰਨ ਉਕਤ 21 ਸਾਲਾ ਨੌਜਵਾਨ ਦੀ ਜਾਨ ਚਲੀ ਗਈ।

ਹਰਦਿਆਲ ਨਗਰ ਸੰਤੋਖਪੁਰਾ ਦੇ ਰਹਿਣ ਵਾਲੇ 21 ਸਾਲਾ ਲੱਕੀ ਦੀ ਲਾਸ਼ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਇਸ ਮਾਮਲੇ ਦੀ ਹੁਣ ਜਲੰਧਰ ਸਿਟੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਵਾਪਰੀ। ਜਦੋਂ ਲੱਕੀ ਫੋਨ ‘ਤੇ ਕਿਸੇ ਨਾਲ ਗੱਲ ਕਰਦਿਆਂ ਤਾਂ ਲੰਮਾ ਪਿੰਡ ਚੌਕ ਵੱਲ ਜਾ ਰਿਹਾ ਸੀ ਤਾਂ ਇਸ ਦੌਰਾਨ ਉਸ ਦਾ ਪੈਰ ਸੜਕ ’ਤੇ ਪਈਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਲੱਕੀ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਮੌਕੇ ‘ਤੇ ਹੀ ਡਿੱਗ ਗਿਆ। ਆਸ-ਪਾਸ ਦੇ ਲੋਕ ਤੁਰੰਤ ਲੱਕੀ ਵੱਲ ਭੱਜੇ। ਉਦੋਂ ਤੱਕ ਲੱਕੀ ਸੜਕ ‘ਤੇ ਬੇਹੋਸ਼ ਪਿਆ ਸੀ। ਕੁਝ ਸਕਿੰਟਾਂ ਬਾਅਦ ਲੱਕੀ ਦਾ ਸਾਹ ਰੁਕ ਗਿਆ। ਪਾਵਰਕਾਮ ਦੀ ਇਸ ਅਣਗਹਿਲੀ ਕਾਰਨ ਲੋਕਾਂ ਵਿਚ ਭਾਰੀ ਰੋਸ ਹੈ।