ਲੁਧਿਆਣਾ| ਕਬੀਰ ਬਸਤੀ ਧੂਰੀ ਲਾਈਨ ਸ਼ਾਹਤਲਾਈ ਮੰਦਰ ਨੇੜੇ ਰਹਿਣ ਵਾਲੀ ਔਰਤ ਸੁਸ਼ਮਾ ਰੇਲਵੇ ਸਟੇਸ਼ਨ ‘ਤੇ ਕੁਲੀ ਵਜੋਂ ਕੰਮ ਕਰ ਰਹੀ ਹੈ। ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਰੋਹਿਤ ਲੰਬੇ ਸਮੇਂ ਤੋਂ ਬੀਮਾਰ ਹੈ। ਘਰ ਦੀ ਆਰਥਿਕ ਹਾਲਤ ਅਤੇ ਬੱਚੇ ਦੀ ਸਿੱਖਿਆ ਨੂੰ ਦੇਖਦਿਆਂ ਹੋਏ ਉਸ ਨੇ ਰੇਲਵੇ ਸਟੇਸ਼ਨ ‘ਤੇ ਕੁਲੀ ਦਾ ਕੰਮ ਸ਼ੁਰੂ ਕੀਤਾ। ਡਾਕਟਰਾਂ ਵੱਲੋਂ ਉਸ ਦੇ ਪਤੀ ਨੂੰ ਬਰੇਨ ਟੁਮਰ ਅਤੇ ਹੋਰ ਕਈ ਬਿਮਾਰੀਆਂ ਦੱਸਿਆ ਗਿਆ, ਰੁਪਏ ਨਾ ਹੋਣ ਕਾਰਨ ਇਲਾਜ ਵੀ ਪੂਰੀ ਤਰ੍ਹਾਂ ਨਹੀਂ ਕਰਵਾ ਸਕੀ। ਹੁਣ ਉਸ ਦਾ ਘਰਵਾਲਾ ਕੁਲੀ ਦਾ ਕੰਮ ਨਹੀਂ ਕਰ ਸਕਦਾ।
ਡਾਕਟਰਾਂ ਵਲੋਂ ਘਰ ਵਿਚ ਆਰਾਮ ਕਰਨ ਲਈ ਕਿਹਾ ਗਿਆ ਹੈ। ਉਹ ਕਰੀਬ ਪੰਜ ਮਹੀਨਿਆਂ ਤੋਂ ਕੁਲੀ ਦਾ ਕੰਮ ਕਰ ਰਹੀ ਹੈ। ਕਈ ਵਾਰ ਜਦੋਂ ਸਟੇਸ਼ਨ ‘ਤੇ ਰੇਲ ਗੱਡੀ ਤੋਂ ਸਵਾਰੀ ਆਉਂਦੀ ਹੈ ਤਾਂ ਉਸ ਨੂੰ ਸਾਮਾਨ ਚੁੱਕਣ ਦੇ ਪੈਸੇ ਮਿਲ ਜਾਂਦੇ ਹਨ ਪਰ ਕਈ ਵਾਰ ਔਰਤ ਹੋਣ ਕਾਰਨ ਸਵਾਰੀ ਸੋਚਦੀ ਹੈ ਕਿ ਇਕ ਔਰਤ ਕੁਲੀ ਵਜ਼ਨ ਨਹੀਂ ਚੁੱਕ ਸਕਦੀ। ਕਈ ਵਾਰ ਨਿਰਾਸ਼ ਵੀ ਹੋਣਾ ਪੈਂਦਾ ਹੈ ਪਰ ਸੁਸ਼ਮਾ ਦੀ ਸੋਚ ਮਿਹਨਤ ਕਰਨਾ ਹੈ। ਲੋਕਾਂ ਅੱਗੇ ਹੱਥ ਫੈਲਾਉਣ ਨਾਲੋਂ ਉਸ ਨੇ ਰੇਲਵੇ ਸਟੇਸ਼ਨ ‘ਤੇ ਕੰਮ ਕਰਨਾ ਬਿਹਤਰ ਸਮਝਿਆ। ਉਸ ਨੂੰ ਮਿਹਨਤ ਅਤੇ ਹੱਕ ਦੀ ਕਮਾਈ ਖਾਣਾ ਪਸੰਦ ਹੈ। ਸ਼ੁਰੂਆਤੀ ਦੌਰ ‘ਚ ਕੁਲੀ ਦਾ ਬੈਚ ਹਾਸਲ ਕਰਨ ਲਈ ਪ੍ਰੇਸ਼ਾਨੀ ਆਈ ਪਰ ਬਾਅਦ ‘ਚ ਬੈਚ ਮਿਲ ਗਿਆ। ਲੁਧਿਆਣਾ ਸਟੇਸ਼ਨ ‘ਤੇ ਇਕ ਔਰਤ ਹੋਣ ਕਾਰਨ ਮੁਸ਼ਕਿਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਸੁਸ਼ਮਾ ਨੇ ਦੱਸਿਆ ਕਿ ਸਵੇਰੇ ਉਹ ਆਪਣੇ ਬੱਚੇ ਨੂੰ ਸਕੂਲ ਲਈ ਤਿਆਰ ਕਰ ਕੇ ਫਿਰ ਰੇਲਵੇ ਸਟੇਸ਼ਨ ‘ਤੇ ਕੰਮ ਕਰਨ ਲਈ ਆਉਂਦੀ ਹੈ।ਕਈ ਵਾਰ ਉਸ ਨੂੰ ਸਵਾਰੀ ਮਿਲ ਜਾਂਦੀ ਹੈ ਅਤੇ ਕਈ ਵਾਰ ਸਵਾਰੀ ਨਾ ਮਿਲਣ ਕਾਰਨ ਬੋਹਣੀ ਵੀ ਨਹੀਂ ਹੁੰਦੀ। ਸੁਸ਼ਮਾ ਨੂੰ ਉਸ ਦੀ ਮੰਗ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਉਸ ਨੂੰ ਉਮੀਦ ਹੈ ਕਿ ਸ਼ਾਇਦ ਪੱਕੇ ਹੋ ਜਾਣਾ ।ਬਾਕੀ ਰੱਬ ‘ਤੇ ਪੂਰਾ ਵਿਸ਼ਵਾਸ ਹੈ।
ਜਦ ਸੁਸ਼ਮਾ ਦੇ ਘਰ ਜਾ ਕੇ ਦੇਖਿਆ ਤਾਂ ਉਸ ਦੇ ਪਤੀ ਦੀ ਹਾਲਤ ਬਹੁਤ ਖਰਾਬ ਸੀ, ਪਹਿਲਾਂ ਉਸ ਦਾ ਪਤੀ ਕੁਲੀ ਦਾ ਕੰਮ ਕਰਦਾ ਸੀ, ਪਿਛਲੇ 40 ਸਾਲਾਂ ਤੋਂ ਲੁਧਿਆਣਾ ਵਿਚ ਉਸ ਦਾ ਪਤੀ ਕੁਲੀ ਦਾ ਕੰਮ ਕਰਦਾ ਆ ਰਿਹਾ ਸੀ, ਬਿਮਾਰੀ ਕਾਰਨ ਕੰਮ ਨਹੀਂ ਕਰ ਸਕਦਾ ਸੀ, ਜਿਸ ਕਾਰਨ ਉਸ ਦੀ ਪਤਨੀ ਨੂੰ ਕੁਲੀ ਦਾ ਕੰਮ ਕਰਨਾ ਪਿਆ, ਆਪਣੇ ਬੱਚੇ ਪਤੀ ਅਤੇ ਸੱਸ ਦਾ ਖਰਚਾ ਚੁੱਕਣਾ ਪਿਆ ਅਤੇ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ l