ਪੰਜਾਬ ਦੇ ਇਸ ਪਿੰਡ ਦੀ ਅਨੋਖੀ ਪਹਿਲ : ਪਲਾਸਟਿਕ ਦਾ ਕਬਾੜ ਲਿਆਓ ਤੇ ਰਾਸ਼ਨ ਲੈ ਜਾਓ

0
1880

ਮੋਗਾ| ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਨੇ ਵੱਖਰੇ ਦਿਸਹੱਦੇ ਕਾਇਮ ਕੀਤੇ ਹਨ। ਇਹ ਪਿੰਡ ਅੱਜਕਲ ਸੁਰਖੀਆਂ ਵਿਚ ਹੈ। ਇਥੋਂ ਦੀ ਉਦਾਹਰਨ ਦਿੱਤੀ ਜਾਣ ਲੱਗੀ ਹੈ, ਇਸ ਦਾ ਇੱਕ ਵੱਡਾ ਕਾਰਨ ਹੈ ਪਿੰਡ ‘ਚ ਸ਼ੁਰੂ ਕੀਤੀਆਂ ਗਈਆਂ ਅਨੋਖੀਆਂ ਯੋਜਨਾਵਾਂ। ਨੌਜਵਾਨ ਮਿੰਟੂ ਨੇ ਸਰਪੰਚੀ ਦੀ ਕਮਾਨ ਕੀ ਸੰਭਾਲੀ, ਪਿੰਡ ਦੀ ਨੁਹਾਰ ਹੀ ਬਦਲਣ ਲੱਗੀ। ਇਹ ਨੌਜਵਾਨ ਸਰਪੰਚ ਪਿੰਡ ਦੇ ਲੋਕਾਂ ਨੂੰ ਵੱਖ ਵੱਖ ਸਹੂਲਤਾਂ ਦੇਣ ਲਈ ਤੇ ਪਿੰਡ ਨੂੰ ਸਾਫ਼ ਸੁਥਰਾ ਰੱਖਦਿਆਂ ਪਲਾਸਟਿਕ ਕਬਾੜ ਮੁਕਤ ਕਰਨ ਲਈ ਯਤਨਸ਼ੀਲ ਹੈ।

ਮਿੰਟੂ ਸਰਪੰਚ ਨੇ ਇੱਕ ਅਜਿਹੀ ਅਨੋਖੀ ਸਕੀਮ ਸ਼ੁਰੂ ਕੀਤੀ ਹੈ ਜਿਸ ਦੇ ਚੱਲਦੇ ਲੋਕ ਪਲਾਸਟਿਕ ਦਾ ਲਿਫ਼ਾਫ਼ਾ ਤੱਕ ਬਾਹਰ ਨਹੀਂ ਸੁੱਟਦੇ, ਜੀ ਹਾਂ, ਸਕੀਮ ਹੀ ਕੁੱਝ ਅਜਿਹੀ ਹੈ। ਪੰਚਾਇਤ ਨੇ ਲੰਬੇ ਸੋਚ ਵਿਚਾਰ ਤੋਂ ਬਾਅਦ ਇਹ ਸਕੀਮ ਘੜੀ ਕਿ ਜੋ ਕੋਈ ਵਿਅਕਤੀ ਜਿੰਨਾ ਵੀ ਪਲਾਸਟਿਕ ਦਾ ਕਬਾੜ, ਲਿਫਾਫੇ, ਖ਼ਾਲੀ ਬੋਤਲਾਂ ਜਾਂ ਕੁੱਝ ਵੀ ਖ਼ਰਾਬ ਪਲਾਸਟਿਕ ਲੈ ਕੇ ਆਵੇਗਾ, ਉਹ ਬਦਲੇ ‘ਚ ਰਾਸ਼ਨ ਲਈ ਖੰਡ, ਚੌਲ, ਗੁੜ ਲੈ ਕੇ ਜਾ ਸਕਦਾ ਹੈ।

ਪਿੰਡ ‘ਚ ਸ਼ੁਰੂ ਹੋਈ ਸਕੀਮ ਦਾ ਵੱਡਾ ਅਸਰ ਦੇਖਣ ਨੂੰ ਮਿਲਿਆ। ਲੋਕਾਂ ਨੇ ਗਲੀਆਂ ‘ਚ ਲਿਫਾਫੇ ਤੇ ਪਲਾਸਟਿਕ ਕਬਾੜ ਸੁੱਟਣਾ ਛੱਡ ਇਸ ਨਵੀਂ ਯੋਜਨਾ ਦਾ ਲਾਹਾ ਲੈਣਾ ਸ਼ੁਰੂ ਕਰ ਦਿੱਤਾ। ਪਿੰਡ ਦੇ ਲੋਕ ਕਾਫ਼ੀ ਖੁਸ਼ ਨਜ਼ਰ ਆਏ।