ਅਨੋਖਾ ਮਾਮਲਾ : ਪੰਜਾਬ ਸਰਕਾਰ ਨੇ ਇਸ ਸਰਕਾਰੀ ਸਕੂਲ ਦੇ ਬਿਜਲੀ ਦੇ ਬਿੱਲ ਲਈ ਜਾਰੀ ਕੀਤੇ ਸਿਰਫ 20 ਰੁਪਏ

0
500

ਬਠਿੰਡਾ| ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਦੇ 186 ਸਰਕਾਰੀ ਸਕੂਲਾਂ ਲਈ 28,79,258 ਰੁਪਏ ਦਾ ਬਿਜਲੀ ਦੇ ਬਿੱਲ ਭਰਨ ਲਈ ਬਜਟ ਜਾਰੀ ਕੀਤਾ ਗਿਆ ਹੈ ਪਰ ਸਕੂਲਾਂ ਲਈ ਬਜਟ ਦੀ ਵੰਡ ਕਰਨ ਸਮੇਂ, ਇਸ ਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ। ਜ਼ਿਲ੍ਹਾ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਕੀਤੀ ਸੂਚੀ ਅਨੁਸਾਰ ਜ਼ਿਲ੍ਹੇ ਵਿਚ ਤਿੰਨ ਸਕੂਲ ਅਜਿਹੇ ਹਨ, ਜਿਨ੍ਹਾਂ ਨੂੰ ਬਿਜਲੀ ਬਿੱਲ ਭਰਨ ਲਈ 100 ਰੁਪਏ ਤੋਂ ਘੱਟ ਦਾ ਬਜਟ ਦਿੱਤਾ ਗਿਆ ਹੈ। ਜਦਕਿ ਤਿੰਨ ਅਜਿਹੇ ਸਕੂਲ ਹਨ, ਜਿਨ੍ਹਾਂ ਨੂੰ ਇਕ ਲੱਖ ਰੁਪਏ ਤੋਂ ਵੱਧ ਰਾਸ਼ੀ ਬਿਜਲੀ ਦਾ ਬਿੱਲ ਭਰਨ ਲਈ ਦਿੱਤੀ ਗਈ ਹੈ।

ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਪਿੰਡ ਜਗ੍ਹਾ ਰਾਮ ਤੀਰਥ ਦੇ ਸਰਕਾਰੀ ਸਕੂਲ ਲਈ ਸਭ ਤੋਂ ਘੱਟ ਬਜਟ ਸਿਰਫ਼ 0 ਰੁਪਏ ਰੱਖਿਆ ਗਿਆ ਹੈ। ਬਿਜਲੀ ਬਿਲ ਭਰਨ ਲਈ ਸਕੂਲ ਨੂੰ 20 ਰੁਪਏ ਦਾ ਬਜਟ ਮਿਲਣਾ ਸਮਝ ਤੋਂ ਪਰ੍ਹੇ ਹੈ। ਇੱਥੋਂ ਤਕ ਵਿਭਾਗ ਵੱਲੋਂ ਜਾਰੀ ਪੱਤਰ ’ਚ ਇਹ ਵੀ ਲਿਖਿਆ ਗਿਆ ਹੈ ਕਿ ਜੇ ਕਿਸੇ ਸਕੂਲ ਨੂੰ ਵੱਧ ਬਜਟ ਮਿਲਿਆ ਹੈ ਤਾਂ ਉਹ ਸਿੱਖਿਆ ਵਿਭਾਗ ਨੂੰ ਵਾਪਸ ਕਰ ਦੇਵੇ ਪਰ ਕੀ ਸਕੂਲ 20 ਰੁਪਏ ’ਚ ਬਿਜਲੀ ਦਾ ਬਿੱਲ ਅਦਾ ਕਰ ਸਕੇਗਾ?

ਇਸ ਤੋਂ ਇਲਾਵਾ ਦੋ ਹੋਰ ਸਕੂਲ ਹਨ ਜਿਨ੍ਹਾਂ ਨੂੰ ਸਿਰਫ਼ 90-90 ਰੁਪਏ ਦਾ ਬਜਟ ਬਿਜਲੀ ਬਿੱਲ ਭਰਨ ਲਈ ਮਿਲਿਆ ਹੈ। ਇਸ ਤੋਂ ਇਲਾਵਾ ਤਿੰਨ ਸਕੂਲਾਂ ਦੇ ਹਿੱਸੇ ਇਕ ਲੱਖ ਰੁਪਏ ਤੋਂ ਵੱਧ ਦਾ ਬਜਟ ਆਇਆ ਹੈ। ਨਾਲ ਹੀ 8 ਸਕੂਲਾਂ ਲਈ 300 ਰੁਪਏ ਤੋਂ ਲੈ ਕੇ ਇਕ ਹਜ਼ਾਰ ਰੁਪਏ ਤਕ ਬਿਜਲੀ ਬਿੱਲ ਅਦਾ ਕਰਨ ਲਈ ਬਜਟ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ’ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਿਵਪਾਲ ਗੋਇਲ ਅਨੁਸਾਰ ਅਜਿਹਾ ਨਹੀਂ ਹੋ ਸਕਦਾ ਪਰ ਫਿਰ ਵੀ ਉਹ ਇਸ ਦੀ ਜਾਂਚ ਕਰਵਾਉਣਗੇ। ਜੇ ਅਜਿਹਾ ਹੋਇਆ ਹੈ ਤਾਂ ਇਸ ਨੂੰ ਠੀਕ ਕੀਤਾ ਜਾਵੇਗਾ।