ਦੁਬਈ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਦੁਬਈ ਵਿਚ ਰਿਹਾਇਸ਼ੀ ਇਮਾਰਤ ਵਿਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿਚ 4 ਭਾਰਤੀ ਵੀ ਸ਼ਾਮਲ ਹਨ। ਅੱਗ ਲੱਗਣ ਕਾਰਨ 9 ਲੋਕ ਜ਼ਖਮੀ ਵੀ ਹੋ ਗਏ।
ਅੱਗ ਦੀ ਸੂਚਨਾ ਮਿਲਦੇ ਹੀ ਦੁਬਈ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਆਸ-ਪਾਸ ਦੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ। ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਮਰਨ ਵਾਲੇ 16 ਲੋਕਾਂ ਵਿਚ ਚਾਰ ਭਾਰਤੀ ਵੀ ਸ਼ਾਮਲ ਹਨ, ਜਿਸ ਵਿਚ ਇਕ ਜੋੜਾ ਕੇਰਲ ਦਾ ਅਤੇ ਦੋ ਹੋਰ ਤਾਮਿਲਨਾਡੂ ਦੇ ਹਨ। ਇਸ ਹਾਦਸੇ ਵਿਚ ਪਾਕਿਸਤਾਨ ਦੇ ਤਿੰਨ ਚਚੇਰੇ ਭਰਾਵਾਂ ਅਤੇ ਇਕ ਨਾਈਜੀਰੀਅਨ ਔਰਤ ਦੀ ਵੀ ਮੌਤ ਹੋ ਗਈ।
ਸ਼ਨੀਵਾਰ ਰਾਤ ਕਰੀਬ 12.30 ਵਜੇ ਦੁਬਈ ਦੇ ਅਲ ਰਾਸ ਇਲਾਕੇ ‘ਚ ਇਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗ ਗਈ। ਅੱਗ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਲੱਗੀ, ਜਿਸ ਨੇ ਇਮਾਰਤ ਦੇ ਹੋਰ ਹਿੱਸਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।