ਜਲੰਧਰ ‘ਚ ਸਰ੍ਹੋਂ ਦੇ ਤੇਲ ਦੀ ਫੈਕਟਰੀ ‘ਚ ਲੱਗੀ ਭਿਆਨਕ ਅੱਗ; ਲੱਖਾਂ ਦਾ ਹੋਇਆ ਨੁਕਸਾਨ

0
378

ਜਲੰਧਰ, 15 ਅਕਤੂਬਰ | ਆਦਮਪੁਰ ਦੇ ਪਿੰਡ ਕੰਗਣੀਵਾਲ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਸਰ੍ਹੋਂ ਦਾ ਤੇਲ ਬਣਾਉਣ ਵਾਲੀ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਇਸ ਘਟਨਾ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਗੱਲਬਾਤ ਕਰਦਿਆਂ ਫੈਕਟਰੀ ਮਾਲਕ ਵਿਕਾਸ ਅਗਰਵਾਲ ਨੇ ਦੱਸਿਆ ਕਿ ਉਸ ਦੇ ਸੁਪਰਵਾਈਜ਼ਰ ਨੇ ਉਸ ਨੂੰ ਕਿਹਾ ਕਿ ਉਸ ਦੀ ਫੈਕਟਰੀ ਦੇ ਇਕ ਹਿੱਸੇ ਵਿਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਤੋਂ ਬਾਅਦ ਸਾਰੇ ਕਰਮਚਾਰੀ ਤੁਰੰਤ ਬਾਹਰ ਨਿਕਲ ਗਏ।

ਫਾਇਰ ਵਿਭਾਗ ਦੀ ਟੀਮ ਪਿਛਲੇ ਡੇਢ ਘੰਟੇ ਤੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜੰਡੂਸਿੰਘਾ ਸਥਿਤ ਤੇਲ ਫੈਕਟਰੀ ਵਿਚ ਅੱਗ ਲੱਗ ਗਈ ਹੈ।ਇਸ ਤੋਂ ਬਾਅਦ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫੈਕਟਰੀ ਵਿਚ ਭਾਰੀ ਮਾਤਰਾ ਵਿਚ ਤੇਲ ਪਿਆ ਹੈ, ਜਿਸ ਕਾਰਨ ਅੱਗ ’ਤੇ ਕਾਬੂ ਪਾਉਣ ਵਿਚ ਇੰਨਾ ਸਮਾਂ ਲੱਗ ਰਿਹਾ ਹੈ।