ਲੁਧਿਆਣਾ, 31 ਅਕਤੂਬਰ | ਇਥੇ ਉੱਨ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਅੱਗ ਲੱਗਦੇ ਹੀ ਇਲਾਕੇ ਦੇ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਤੁਰੰਤ ਗੋਦਾਮ ਮਾਲਕ ਨੂੰ ਸੂਚਨਾ ਦਿੱਤੀ। ਅੱਗ ਦੀਆਂ ਲਪਟਾਂ ਇੰਨੀਆਂ ਵਧ ਗਈਆਂ ਕਿ ਦੂਰੋਂ ਹੀ ਧੂੰਆਂ ਦਿਖਾਈ ਦੇ ਰਿਹਾ ਸੀ। ਅੱਗ ਲੱਗਣ ਦਾ ਕਾਰਨ ਗੋਦਾਮ ਵਿਚ ਪਟਾਕਿਆਂ ਦਾ ਡਿੱਗਣਾ ਦੱਸਿਆ ਜਾ ਰਿਹਾ ਹੈ।
ਖੁਸ਼ਕਿਸਮਤੀ ਇਹ ਰਹੀ ਕਿ ਜਦੋਂ ਅੱਗ ਲੱਗੀ ਤਾਂ ਗੋਦਾਮ ਦੇ ਅੰਦਰ ਕੋਈ ਵਿਅਕਤੀ ਮੌਜੂਦ ਨਹੀਂ ਸੀ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਾਣਕਾਰੀ ਦਿੰਦੇ ਹੋਏ ਗੋਦਾਮ ਦੇ ਮਾਲਕ ਅੰਕੁਸ਼ ਨੇ ਦੱਸਿਆ ਕਿ ਇਹ ਊਨੀ ਕੱਪੜਿਆਂ ਦਾ ਗੋਦਾਮ ਸੀ। ਅਜਿਹਾ ਲੱਗ ਰਿਹਾ ਹੈ ਕਿ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੈ ਜਾਂ ਸ਼ਾਰਟ ਸਰਕਟ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ।
ਪਰ ਕੁਝ ਲੋਕ ਕਹਿ ਰਹੇ ਹਨ ਕਿ ਕੁਝ ਪਟਾਕੇ ਡਿੱਗੇ ਜਿਸ ਤੋਂ ਬਾਅਦ ਅੱਗ ਫੈਲ ਗਈ। ਅੱਗ ਦੀ ਗੰਭੀਰਤਾ ਕਾਰਨ ਆਸਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾ ਲਿਆ ਗਿਆ। ਅੰਕੁਸ਼ ਅਨੁਸਾਰ ਉਸ ਦਾ ਕਰੀਬ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਫਾਇਰ ਵਿਭਾਗ ਦੇ ਅਮਲੇ ਅਨੁਸਾਰ ਘਟਨਾ ਵਾਲੀ ਥਾਂ ‘ਤੇ 66 ਕੇਵੀ ਦੀ ਹਾਈ ਟੈਂਸ਼ਨ ਤਾਰ ਪਈ ਸੀ, ਜਿਸ ਕਾਰਨ ਅੱਗ ਬੁਝਾਉਣ ‘ਚ ਸਮਾਂ ਲੱਗਾ। ਪਾਵਰਕੌਮ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਤਾਰਾਂ ਵਿੱਚੋਂ ਕਰੰਟ ਕੱਟ ਦਿੱਤਾ ਗਿਆ। ਫਾਇਰ ਬ੍ਰਿਗੇਡ ਦੀਆਂ 3 ਤੋਂ 4 ਗੱਡੀਆਂ ਅੱਗ ਬੁਝਾਉਣ ‘ਚ ਜੁਟੀਆਂ ਹੋਈਆਂ ਹਨ। ਅੱਗ ਲੱਗਣ ਕਾਰਨ ਪੂਰੀ ਇਮਾਰਤ ਵੀ ਨੁਕਸਾਨੀ ਗਈ ਹੈ।