ਬਨੂੜ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਸ਼ਹਿਰ ਦੇ ਵਾਰਡ ਨੰ. 8 ਦੀ ਵਸਨੀਕ ਜੋ 2 ਮਹੀਨੇ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਉੱਚ ਵਿੱਦਿਆ ਹਾਸਲ ਕਰਨ ਗਈ ਸੀ, ਦੀ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੈਨੇਡਾ ਵਿਚ ਸ਼ੁੱਕਰਵਾਰ ਸਵੇਰੇ ਕੋਮਲਪ੍ਰੀਤ ਕੌਰ ਆਪਣੀ ਸਹੇਲੀਆਂ ਨਾਲ ਕਿਸੇ ਕੰਮ ‘ਤੇ ਜਾ ਰਹੀ ਸੀ ਤਾਂ ਰਸਤੇ ਵਿਚ 4 ਗੱਡੀਆਂ ਆਪਸ ਵਿਚ ਟਕਰਾਅ ਗਈਆਂ।
ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਕੋਮਲਪ੍ਰੀਤ ਦੀ ਗੱਡੀ ਦੀ ਖਿੜਕੀ ਖੁੱਲ੍ਹਣ ਨਾਲ ਉਹ ਸੜਕ ‘ਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ। ਹਾਦਸੇ ਦੌਰਾਨ ਇਕ ਵਿਅਕਤੀ ਹੋਰ ਗੰਭੀਰ ਜ਼ਖਮੀ ਹੋ ਗਿਆ, ਜੋ ਇਲਾਜ ਲਈ ਬਰੈਂਪਟਨ ਦੇ ਹਸਪਤਾਲ ਵਿਖੇ ਦਾਖਲ ਹੈ। ਕੋਮਲਪ੍ਰੀਤ ਕੌਰ ਦੀ ਮੌਤ ਦੀ ਖਬਰ ਜਦੋਂ ਉਸਦੇ ਘਰ ਪੁੱਜੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ 2 ਮਹੀਨੇ ਪਹਿਲਾਂ ਹੀ ਕੋਮਲਪ੍ਰੀਤ ਦੇ ਪਿਤਾ ਜੋਧਾ ਸਿੰਘ ਦੀ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਮੌਤ ਹੋਈ ਸੀ। ਉਸ ਤੋਂ ਬਾਅਦ ਕੋਮਲਪ੍ਰੀਤ ਤੇ ਉਸ ਦੇ ਭਰਾ ਦੀਦਾਰ ਸਿੰਘ ਨੂੰ ਮਾਂ ਨੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਨੂੰ ਉਸਦੇ ਘਰ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਆਖਰੀ ਵਾਰ ਆਪਣੀ ਬੇਟੀ ਨੂੰ ਵੇਖ ਸਕਣ।