ਲੁਧਿਆਣਾ ‘ਚ ਸ਼ੱਕੀ ਹਾਲਾਤਾਂ ‘ਚ ਨਾਬਾਲਗ ਦੀ ਮੌਤ, ਪੱਖੇ ਨਾਲ ਲਟਕਦੀ ਮਿਲੀ ਲਾਸ਼

0
375

ਲੁਧਿਆਣਾ, 12 ਅਕਤੂਬਰ| ਬੀਤੀ ਰਾਤ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। 3 ਸਾਲ ਪਹਿਲਾਂ ਉਹ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇੱਥੇ ਕੰਮ ਕਰਨ ਆਇਆ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।

ਜਾਣਕਾਰੀ ਮੁਤਾਬਕ ਢੰਡਾਰੀ ਦੀ ਮੱਕੜ ਕਾਲੋਨੀ ‘ਚ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਮ੍ਰਿਤਕ ਦਾ ਵੱਡਾ ਭਰਾ ਦੇਰ ਸ਼ਾਮ ਫੈਕਟਰੀ ਤੋਂ ਕੰਮ ਕਰ ਕੇ ਘਰ ਪਰਤਿਆ, ਜੋ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਦੇਖ ਕੇ ਅੰਦਰ ਵੜਿਆ। ਜਿੱਥੇ ਉਸ ਨੇ ਦੇਖਿਆ ਕਿ ਉਸ ਦਾ ਛੋਟਾ ਭਰਾ ਪੱਖੇ ਨਾਲ ਕਰੰਟ ਬੰਨ੍ਹ ਕੇ ਲਟਕ ਰਿਹਾ ਸੀ। ਵੱਡੇ ਭਰਾ ਨੇ ਅਲਾਰਮ ਵਜਾਇਆ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਇਕੱਠਾ ਕੀਤਾ। ਲੋਕਾਂ ਨੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ।

ਅੱਜ ਨੌਜਵਾਨ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਮ੍ਰਿਤਕ ਨੌਜਵਾਨ ਦੀ ਪਛਾਣ 15 ਸਾਲਾ ਸਚਿਨ ਕੁਮਾਰ ਵਜੋਂ ਹੋਈ ਹੈ। ਮ੍ਰਿਤਕ ਦੇ ਵੱਡੇ ਭਰਾ ਸੂਰਜ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਪਿੰਡ ਕਮਲਾਪੁਰ ਜ਼ਿਲ੍ਹਾ ਹਰਦੋਈ ਯੂਪੀ ਦਾ ਰਹਿਣ ਵਾਲਾ ਸੀ।

ਉਸ ਦਾ ਛੋਟਾ ਭਰਾ ਸਚਿਨ ਕਰੀਬ ਤਿੰਨ ਸਾਲ ਪਹਿਲਾਂ ਹੀ ਲੁਧਿਆਣਾ ਆਇਆ ਸੀ। ਉਹ ਇੱਥੋਂ ਦੇ ਢੰਡਾਰੀ ਇਲਾਕੇ ਵਿਚ ਸਾਈਕਲ ਪਾਰਟਸ ਬਣਾਉਣ ਵਾਲੀ ਇੱਕ ਫੈਕਟਰੀ ਵਿਚ ਕੰਮ ਕਰਦਾ ਸੀ। ਸ਼ੁੱਕਰਵਾਰ ਸ਼ਾਮ ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਉਸ ਨੇ ਸਚਿਨ ਨੂੰ ਪੱਖੇ ਨਾਲ ਲਟਕਦਾ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਸਬੰਧੀ ਚੌਕੀ ਕੰਗਣਵਾਲ ਦੇ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਰਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। ਸ਼ਨੀਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।