ਫਰੀਦਕੋਟ . ਫਸਲ ਨੂੰ ਟਿੱਡੀ ਦਲ ਦੀ ਮਾਰ ਤੋਂ ਬਚਾਉਣ ਲਈ ਫਰੀਦਕੋਟ ਦੇ ਨੁਮਾਇੰਦਿਆਂ ਨੇ ਵਿਚਾਰਾ ਕੀਤੀਆਂ ਗਈਆਂ। ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ. ਹਰਨੇਕ ਸਿੰਘ ਰੋਡੇ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੀ ਪ੍ਰਧਾਨਗੀ ਹੇਠ ਜਿਲ੍ਹਾ ਫਰੀਦਕੋਟ ਵਿੱਚ ਟਿੱਡੀ ਦਲ ਦੇ ਸੰਭਾਵੀਂ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਇਸ ਸੰਭਾਵੀਂ ਹਮਲੇ ਨੂੰ ਰੋਕਣ ਲਈ ਸਹਿਯੋਗੀ ਵਿਭਾਗ ਜਿਵੇਂ ਕਿ ਬਾਗਬਾਨੀ ਵਿਭਾਗ, ਵਣ ਵਿਭਾਗ, ਕ੍ਰਿਸੀ ਵਿਗਿਆਨ, ਉਪ ਰਜਿਸਟਰਾਰ ਸਹਿਕਾਰੀ ਸਭਾਵਨਾ ਅਤੇ ਨਗਰ ਕੌਂਸਲ ਫਰੀਦਕੋਟ ਦੇ ਅਧਿਕਾਰੀਆਂ/ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਹੋਈ। ਡਾ. ਰੋਡੇ ਨੇ ਵੱਖ-ਵੱਖ ਵਿਭਾਗਾਂ ਦੇ ਹਾਜ਼ਰ ਅਧਿਕਾਰੀਆਂ ਨੂੰ ਜਿਲ੍ਹਾ ਫਰੀਦਕੋਟ ਵਿੱਚ ਟਿੱਡੀ ਦਲ ਦੇ ਸੰਭਾਵੀਂ ਹਮਲੇ ਦੀ ਰੋਕਥਾਮ ਲਈ ਆਪਸੀ ਸਹਿਯੋਗ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਉਹਨਾਂ ਵੱਲੋਂ ਇਸ ਅਹਿਮ ਕੰਮ ਵਿੱਚ ਐਨ.ਜੀ.ਓ. ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਾਲ ਲੈਣ ਦੀ ਹਦਾਇਤ ਕੀਤੀ। ਉਹਨਾਂ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਤੇ ਕੋਟਕਪੂਰਾ ਨੂੰ ਟਿੱਡੀ ਦਲ ਦੀ ਰੋਕਥਾਮ ਲਈ ਲੋੜੀਂਦੇ ਕੀਟਨਾਸ਼ਕਾਂ ਦੀ ਮੌਜੂਦਗੀ ਨਿਸ਼ਚਿਤ ਕਰਨ ਲਈ ਕਿਹਾ ਗਿਆ ਤਾਂ ਜੋ ਲੋੜ ਪੈਣ ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਫਾਇਰ ਬ੍ਰਿਗੇਡ ਫਰੀਦਕੋਟ ਅਤੇ ਕੋਟਕਪੂਰਾ ਨੂੰ ਹਮਲੇ ਦੀ ਰੋਕਥਾਮ ਲਈ ਗੱਡੀਆਂ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਸਬੰਧੀ ਅਗਲੀ ਮੀਟਿੰਗ ਬਲਾਕ ਫਰੀਦਕੋਟ ਦੇ ਸਾਦਿਕ ਸਰਕਲ ਵਿੱਚ ਅਗਲੇ ਹਫਤੇ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨਾਂ ਪਾਸ ਮੌਜੂਦ ਪਾਵਰ ਸਪਰੇਆਂ ਨੂੰ ਵਰਤੋਂ ਯੋਗ ਹਾਲਤ ਵਿੱਚ ਕਰ ਕੇ ਰੱਖਣ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਸਰਵੇਖਣ ਕਰਦੇ ਰਹਿਣ ਅਤੇ ਜੇਕਰ ਉਨ੍ਹਾਂ ਨੂੰ ਕਿਸੇ ਜਗ੍ਹਾ ਉੱਪਰ ਟਿੱਡੀ ਦਲ ਦਾ ਹਮਲਾ ਮਿਲਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਦੇ ਸਬੰਧਤ ਬਲਾਕ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹਾਜ਼ਰ ਸਮੂਹ ਵਿਭਾਗਾਂ ਨੂੰ ਪਿੰਡਾਂ ਵਿੱਚ ਸਥਿਤ ਗੁਰਦੁਆਰਾ ਸਾਹਿਬ ਰਾਹੀਂ ਵੀ ਲਗਾਤਾਰ ਅਨਾਊਂਸਮੈਂਟ ਕਰਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪੈਫਲੇਟ ਛਪਵਾ ਕੇ ਕਿਸਾਨਾਂ ਨੂੰ ਵੰਡੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ।