ਬਠਿੰਡਾ| ਪਿੰਡ ਪੂਹਲੀ ਦੇ ਹੋਣਹਾਰ ਨੌਜਵਾਨ ਦੀਪਇੰਦਰ ਸਿੰਘ ਸਿੱਧੂ ਨੇ ਆਪਣੀ ਮਿਹਨਤ ਦੇ ਬਲਬੂਤੇ ਕੈਨੇਡੀਅਨ ਪੁਲਿਸ ਵਿੱਚ ਅਫਸਰ ਵਜੋਂ ਭਰਤੀ ਹੋ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਜਾਣਕਾਰੀ ਅਨੁਸਾਰ ਦੀਪਇੰਦਰ ਸਿੰਘ ਸਿੱਧੂ ਨੂੰ ਕੈਨੇਡੀਅਨ ਪੁਲਿਸ ਦੇ ਨਿਆਂ ਵਿਭਾਗ ਵਿੱਚ ਪ੍ਰੋਟੈਕਟਿਵ ਸਰਵਿਸਿਜ਼ ਅਫਸਰ (ਪੀਸ ਅਫਸਰ) ਵਜੋਂ ਨਿਯੁਕਤ ਕੀਤਾ ਗਿਆ ਹੈ। ਦੀਪਇੰਦਰ ਸਿੰਘ ਦਸੰਬਰ 2018 ਵਿੱਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿੱਚ ਪੜ੍ਹਨ ਗਿਆ ਸੀ। ਵਰਕ ਪਰਮਿਟ ‘ਤੇ ਹੋਣ ਦੇ ਦੌਰਾਨ ਉਸਨੇ ਕੈਨੇਡੀਅਨ ਪੁਲਿਸ ਵਿੱਚ ਸ਼ਾਂਤੀ ਅਧਿਕਾਰੀ ਦੇ ਅਹੁਦਿਆਂ ਲਈ ਅਰਜ਼ੀ ਦਿੱਤੀ ਸੀ।
ਦੀਪਇੰਦਰ ਸਿੰਘ ਦੇ ਪਿਤਾ ਨਰਦੇਵ ਸਿੰਘ ਅਤੇ ਮਾਤਾ ਸਰਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਹੋਣਹਾਰ ਪੁੱਤ ਨੇ ਹੋਰ ਸੈਂਕੜੇ ਉਮੀਦਵਾਰਾਂ ਨੂੰ ਪਛਾੜ ਕੇ ਕੈਨੇਡਾ ਪੁਲਿਸ ਦੇ ਜਸਟਿਸ ਵਿਭਾਗ ਵਿਚ ਪ੍ਰੋਟੈਕਟਿਵ ਸਰਵਿਸਜ਼ ਅਫ਼ਸਰ ਦੀ ਨੌਕਰੀ ਹਾਸਲ ਕੀਤੀ। ਉਸਦਾ ਕੈਨੇਡਾ ਦੀ ਫ਼ੌਜ ਵਿਚ ਭਾਰਤੀ ਹੋਣ ਦਾ ਸੁਫ਼ਨਾ ਸੀ, ਜਿਸਨੂੰ ਪੂਰਾ ਕਰਨ ਲਈ ਉਹ ਸਖ਼ਤ ਮਿਹਨਤ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੀਪਇੰਦਰ ਸਿੰਘ ਪੜ੍ਹਾਈ ਦੇ ਨਾਲ-ਨਾਲ ਜਿੰਮ ਵਿਚ ਬਹੁਤ ਮਿਹਨਤ ਲਗਾਉਂਦਾ ਸੀ। ਉਸਨੇ ਪਹਿਲੀ ਵਾਰ ਕੈਨੇਡਾ ਪੁਲਸ ਵਿਚ ਅਪਲਾਈ ਕੀਤਾ ਅਤੇ ਪਹਿਲੀ ਵਾਰ ਹੀ ਸੈਂਕੜੇ ਉਮੀਦਵਾਰਾਂ ਨੂੰ ਪਛਾੜ ਕੇ ਪ੍ਰੋਟੈਕਟਿਵ ਸਰਵਸਿਜ਼ ਅਫ਼ਸਰ ਦੀ ਨੌਕਰੀ ਹਾਸਲ ਕੀਤੀ।
ਦੀਪਇੰਦਰ ਸਿੰਘ ਹੁਣ ਕੈਨੇਡਾ ਦੇ ਮੈਨੀਟੋਬਾ ਵਿਧਾਨ ਸਭਾ ਦੀ ਸੁਰੱਖਿਆ ਵਿੱਚ ਤਾਇਨਾਤ ਕੀਤਾ। ਦੀਪਇੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੀ ਫ਼ੌਜ ਵਿਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਹੈ। ਉਸਨੇ ਹੋਰਨਾਂ ਨੌਜਵਾਨਾਂ ਨੂੰ ਵੀ ਕਿਹਾ ਕਿ ਉਹ ਫਾਲਤੂ ਗੱਲਾਂ ਅਤੇ ਸੋਸ਼ਲ ਮੀਡੀਆਂ ’ਤੇ ਸਮਾਂ ਖ਼ਰਾਬ ਕਰਨ ਦੀ ਬਜਾਏ ਕੈਨੇਡਾ ਵਿਚ ਚੰਗੀਆਂ ਨੌਕਰੀਆਂ ਲੈ ਕੇ ਆਪਣੀ ਕੌਮ ਤੇ ਪੰਜਾਬ ਦਾ ਨਾਮ ਚਮਕਾਉਣ ਦੇ ਬਹੁਤ ਮੌਕੇ ਹਨ।