ਪੰਚਾਇਤੀ ਜ਼ਮੀਨ ‘ਤੇ ਗੈਰ-ਕਾਨੂੰਨੀ ਮਾਈਨਿੰਗ ਰੋਕਣ ਗਏ ਕਿਸਾਨ ਨੂੰ ਟਰਾਲੀ ਹੇਠਾਂ ਦੇ ਕੇ ਮਾਰਿਆ, ਭਾਕਿਯੂ ਦਾ ਸੀ ਮੈਂਬਰ

0
359


ਚੰਡੀਗੜ੍ਹ/ਮੋਹਾਲੀ | ਪਿੰਡ ਬੜਾਣਾ ’ਚ ਦੇਰ ਰਾਤ ਪੰਚਾਇਤੀ ਜ਼ਮੀਨ ’ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਗਏ ਕਿਸਾਨ ਨੂੰ ਟਰੈਕਟਰ-ਟਰਾਲੀ ਹੇਠ ਦੇ ਕੇ ਮਾਰ ਦਿੱਤਾ ਗਿਆ। ਕਿਸਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ 65 ਸਾਲ ਪੁੱਤਰ ਸਰਦਾਰਾ ਸਿੰਘ ਵਾਸੀ ਬੜਾਣਾ ਵਜੋਂ ਹੋਈ ਹੈ। ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ ਵੀ ਸੀ।

ਪੁਲਿਸ ਵੱਲੋਂ ਤਿੰਨ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪੁੱਤਰ ਭੁਪਿੰਦਰ ਨੇ ਦੱਸਿਆ ਕਿ 16-17 ਫਰਵਰੀ ਦੀ ਰਾਤ ਨੂੰ ਉਸ ਦੇ ਪਿਤਾ ਨੇ ਟਰੈਕਟਰ-ਟਰਾਲੀਆਂ ਦੀ ਆਵਾਜ਼ ਸੁਣੀ ਤਾਂ ਉਹ ਆਪਣੇ ਇਕ ਸਾਥੀ ਸਮੇਤ ਘਰ ਦੇ ਬਾਹਰ ਆਏ ਤੇ ਦੇਖਿਆ ਕਿ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਕੁਝ ਲੋਕ ਟਰਾਲੀਆਂ ਰਾਹੀਂ ਮਿੱਟੀ ਚੁੱਕ ਰਹੇ ਸਨ।
ਉਸ ਮੁਤਾਬਕ ਉਸ ਦੇ ਪਿਤਾ ਨੇ ਟਰੈਕਟਰਾਂ-ਟਰਾਲੀਆਂ ਵਾਲਿਆਂ ਨੂੰ ਮਿੱਟੀ ਚੁੱਕਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਰਵਿੰਦਰ ਸਿੰਘ ਉਰਫ਼ ਗੱਗੂ ਦੇ ਕਹਿਣ ਉੱਤੇ ਮਿੱਟੀ ਚੁੱਕ ਰਹੇ ਹਨ। ਇਹ ਸੁਣ ਕੇ ਗੁਰਚਰਨ ਸਿੰਘ ਨੇ ਟਰੈਕਟਰ ਚਾਲਕ ਨੂੰ ਹਰਵਿੰਦਰ ਸਿੰਘ ਜਾਂ ਪੰਚਾਇਤ ਦੇ ਕਿਸੇ ਨੁਮਾਇੰਦੇ ਨੂੰ ਮੌਕੇ ਉੱਤੇ ਸੱਦਣ ਦੀ ਗੱਲ ਆਖੀ।

ਉਸ ਦੇ ਇਤਰਾਜ਼ ਉਪਰੰਤ ਚਾਲਕ ਨੇ ਕਿਸੇ ਨੂੰ ਫੋਨ ਮਿਲਾਇਆ। ਉਥੇ 5-7 ਵਿਅਕਤੀ ਹੋਰ ਪੁੱਜ ਗਏ। ਇਨ੍ਹਾਂ ਵਿਅਕਤੀਆਂ ਨੇ ਗੁਰਚਰਨ ਸਿੰਘ ‘ਤੇ ਟਰੈਕਟਰ-ਟਰਾਲੀ ਚੜ੍ਹਾ ਦਿੱਤਾ। ਆਰੋਪੀ ਟਰੈਕਟਰ-ਟਰਾਲੀ ਤੇ ਜੇਸੀਬੀ ਮਸ਼ੀਨਾਂ ਉਥੋਂ ਭਜਾ ਕੇ ਲੈ ਗਏ।