ਲੁਧਿਆਣਾ ‘ਚ ਵੱਡੀ ਧੋਖਾਧੜੀ ਦਾ ਮਾਮਲਾ ਆਇਆ ਸਾਹਮਣੇ, ਕਿਸੇ ਹੋਰ ਦਾ ਪਲਾਟ ਆਪਣੇ ਨਾਂ ਕਰਵਾ ਕੇ ਬੈਂਕ ਤੋਂ ਲਿਆ 52 ਲੱਖ ਦਾ ਕਰਜ਼ਾ, ਪੜ੍ਹੋ ਖਬਰ

0
2369

ਲੁਧਿਆਣਾ | ਸ਼ਹਿਰ ਵਿਚ ਇਕ ਵੱਡੇ ਧੋਖੇ ਦਾ ਪਰਦਾਫਾਸ਼ ਹੋਇਆ ਹੈ। 2 ਔਰਤਾਂ ਸਮੇਤ 5 ਲੋਕਾਂ ਨੇ ਨਕਲੀ ਡੈਕੂਮੈਟਸ ਦੀ ਮਦਦ ਨਾਲ ਕਿਸੇ ਹੋਰ ਦੇ ਪਲਾਟ ਦੀ ਰਜਿਸਟਰੀ ਆਪਣੇ ਨਾਂ ਕਰਵਾ ਲਈ। ਉਸ ਤੋਂ ਬਾਅਦ ਬੈਂਕ ਤੋਂ 52 ਲੱਖ ਦਾ ਕਰਜ਼ਾ ਲੈ ਲਿਆ। ਬਾਅਦ ਵਿੱਚ ਉਹਨਾਂ ਨੇ ਕੋਈ ਕਿਸ਼ਤ ਜਮ੍ਹਾ ਨਾ ਕਰਵਾ ਕੇ ਬੈਂਕ ਨਾਲ ਵੀ ਧੋਖਾਧੜੀ ਕੀਤੀ। ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਿਸ ਨੇ ਦਵਿੰਦਰ ਸਿੰਘ, ਉਸ ਦੀ ਪਤਨੀ ਸੁਰਿੰਦਰ ਕੌਰ, ਦਲੀਪ ਕੌਰ, ਗੁਰਦਰਸ਼ਨ ਸਿੰਘ ਤੇ ਨੰਬਰਦਾਰ ਸੌਦਾਗਰ ਸਿੰਘ ਵਾਸੀ ਵਿਸ਼ਵਕਰਮਾ ਕਲੋਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ASI ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਕੇਸ ਕੈਨੇਡਾ ਦੇ ਸਰੀ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਜਮਾਲਪੁਰ, ਲੁਧਿਆਣਾ ਦਾ ਰਹਿਣ ਵਾਲਾ ਹੈ। ਕੈਨੇਡਾ ਨਿਵਾਸੀ ਬਜ਼ੁਰਗ ਔਰਤ ਦਲੀਪ ਕੌਰ ਦਾ ਬਡੇਵਾਲ ਅਵਾਨਾ ਦੇ ਸਿਟੀਜ਼ਨਜ਼ ਐਨਕਲੇਵ ਵਿੱਚ 200 ਵਰਗ ਗਜ਼ ਦਾ ਪਲਾਟ ਹੈ। ਦਲੀਪ ਕੌਰ ਦੀ ਕਰੀਬ 12 ਸਾਲ ਪਹਿਲਾਂ ਕੈਨੇਡਾ ਵਿੱਚ ਮੌਤ ਹੋ ਗਈ ਸੀ। ਸਾਜ਼ਿਸ਼ ਤਹਿਤ ਉਕਤ ਮੁਲਜ਼ਮਾਂ ਨੇ ਇਕ ਔਰਤ ਨੂੰ ਫਰਜ਼ੀ ਦਲੀਪ ਕੌਰ ਬਣ ਕੇ ਖੜ੍ਹਾ ਕਰ ਦਿੱਤਾ। ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਉਸ ਪਲਾਟ ਦੀ ਰਜਿਸਟਰੀ ਦਵਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਨਾਂ ‘ਤੇ ਕੀਤੀ ਗਈ ਸੀ।

ਉਕਤ ਜੋੜੇ ਨੇ ਉਸ ਰਜਿਸਟਰੀ ਦੇ ਆਧਾਰ ‘ਤੇ 2006 ‘ਚ ਸੈਂਚੁਰੀਅਨ ਬੈਂਕ ਆਫ ਇੰਡੀਆ ਜੋ ਕਿ ਹੁਣ ਐੱਚ.ਡੀ.ਐੱਫ.ਸੀ. ਬੈਂਕ ਤੋਂ ਲੱਖਾਂ ਰੁਪਏ ਦਾ ਕਰਜ਼ਾ ਹੜੱਪ ਲਿਆ ਸੀ। ਬਾਅਦ ਵਿੱਚ ਬੈਂਕ ਵਿੱਚ ਕੋਈ ਕਿਸ਼ਤ ਜਮ੍ਹਾਂ ਨਹੀਂ ਕਰਵਾਈ ਗਈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੋਸ਼ ਸਹੀ ਪਾਏ ਜਾਣ ‘ਤੇ ਉਸ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।