ਲੁਧਿਆਣਾ ‘ਚ ਪੁਰਾਣੀ ਰੰਜਿਸ਼ ਕਾਰਨ ਤਰਖਾਣ ਦਾ ਸਾਥੀਆਂ ਨੇ ਕੀਤਾ ਕਤਲ

0
367

ਲੁਧਿਆਣਾ | ਪੁਰਾਣੀ ਰੰਜਿਸ਼ ਕਾਰਨ ਲੱਕੜ ਦਾ ਕੰਮ ਕਰ ਰਹੇ ਇੱਕ ਤਰਖਾਣ ਦਾ ਉਸ ਦੇ ਸਾਥੀਆਂ ਨੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 34 ਸਾਲਾ ਰਾਮ ਲਖਨ ਵਜੋਂ ਹੋਈ ਹੈ।

ਮ੍ਰਿਤਕ ਦੇ ਵੱਡੇ ਭਰਾ ਰਾਜੂ ਰਾਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਛੋਟਾ ਭਰਾ ਰਾਮ ਲਖਨ ਇਲਾਕੇ ‘ਚ ਤਰਖਾਣ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦਾ ਭਰਾ ਕੰਮ ਲਈ ਘਰੋਂ ਗਿਆ ਸੀ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਹ ਪ੍ਰੇਸ਼ਾਨ ਹੋ ਗਿਆ ਅਤੇ ਪਤਨੀ ਸਮੇਤ ਉਸ ਦੀ ਭਾਲ ਸ਼ੁਰੂ ਕਰ ਦਿੱਤੀ।

ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਾਮ ਲਖਨ ਦੀ ਭਾਲ ਕਰਦੇ ਹੋਏ ਜਦੋਂ ਉਹ ਚਿੱਕੀ ਨਾਨਕਸਰ ਰੋਡ ‘ਤੇ ਪਹੁੰਚਿਆ ਤਾਂ ਉਸ ਨੇ ਕੁਝ ਲੋਕਾਂ ਨੂੰ ਉਸ ਦੇ ਭਰਾ ਦਾ ਗਲਾ ਘੁੱਟ ਕੇ ਉਸ ਦੇ ਸਿਰ ‘ਤੇ ਇੱਟਾਂ ਮਾਰਦੇ ਹੋਏ ਦੇਖਿਆ। ਇਹ ਦੇਖ ਕੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਰਾਜੂ ਰਾਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਰਾਮ ਲਖਨ ਦਾ ਕਤਲ ਪਿੰਡ ਗੋਰਸੀਆ ਮੱਖਣ ਦੇ ਹਰਵਿੰਦਰ ਸਿੰਘ ਬਿੰਦਰੀ ਅਤੇ ਸੰਦੀਪ ਸਿੰਘ ਘੁੱਲਾ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਸਾਰੇ ਇਕੱਠੇ ਕੰਮ ਕਰਦੇ ਸਨ ਅਤੇ ਪਹਿਲਾਂ ਵੀ ਕਈ ਵਾਰ ਉਨ੍ਹਾਂ ਦਾ ਝਗੜਾ ਹੋਇਆ ਸੀ। ਕਤਲ ਸਮੇਂ ਵੀ ਉਹ ਕਿਸੇ ਗੱਲ ਨੂੰ ਲੈ ਕੇ ਆਪਸ ‘ਚ ਲੜ ਪਏ, ਜਿਸ ਤੋਂ ਬਾਅਦ ਉਸ ਨੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਸ਼ਿਕਾਇਤਕਰਤਾ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਡੀਐਸਪੀ ਜਗਰਾਓਂ ਸਤਵਿੰਦਰ ਸਿੰਘ ਵਿਰਕ ਅਤੇ ਐਸਐਚਓ ਸਿੱਧਵਾਂ ਬੇਟ ਸੁਨੀਲ ਕੁਮਾਰ ਮੌਕੇ ’ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮੌਕੇ ਤੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।