ਲੁਧਿਆਣਾ ‘ਚ ਪੁਲ ਹੇਠਾਂ ਖੜ੍ਹੀ ਕਾਰ ਨੂੰ ਸ਼ੱਕੀ ਹਾਲਾਤਾਂ ‘ਚ ਲੱਗੀ ਅੱਗ, ਹੋਏ ਕਈ ਧਮਾਕੇ

0
197

ਲੁਧਿਆਣਾ | ਸੋਮਵਾਰ ਸਵੇਰੇ ਇੱਕ ਆਲਟੋ ਕਾਰ ਨੂੰ ਸ਼ੱਕੀ ਹਾਲਾਤਾਂ ‘ਚ ਅੱਗ ਲੱਗ ਗਈ। ਕਾਰ ਕਈ ਦਿਨਾਂ ਤੋਂ ਪੁਲ ਦੇ ਹੇਠਾਂ ਖੜ੍ਹੀ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅੱਗ ਲੱਗਣ ਤੋਂ ਬਾਅਦ ਕਾਰ ‘ਚੋਂ ਕਈ ਧਮਾਕੇ ਵੀ ਹੋਏ।

ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਆਲੇ-ਦੁਆਲੇ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾਇਆ ਜਾ ਸਕਿਆ। ਦੱਸ ਦੇਈਏ ਕਿ ਇਹ ਘਟਨਾ ਘੰਟਾ ਘਰ ਨੇੜੇ ਛਾਉਣੀ ਮੁਹੱਲੇ ਦੇ ਸਾਹਮਣੇ ਐਲੀਵੇਟਿਡ ਪੁਲ ਦੇ ਹੇਠਾਂ ਵਾਪਰੀ। ਅੱਗ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਜਾਂ ਕਿਸੇ ਕਾਰਨ ਅਚਾਨਕ ਲੱਗੀ ਇਹ ਜਾਂਚ ਦਾ ਵਿਸ਼ਾ ਹੈ। ਵੱਡੀ ਗਿਣਤੀ ਲੋਕ ਪੁਲ ਦੇ ਹੇਠਾਂ ਆਪਣੇ ਵਾਹਨ ਪਾਰਕ ਕਰ ਕੇ ਚਲੇ ਜਾਂਦੇ ਹਨ।

ਬਚਾਅ ਦੀ ਗੱਲ ਇਹ ਹੈ ਕਿ ਆਲਟੋ ਕਾਰ ਦੇ ਕੋਲ ਕੋਈ ਹੋਰ ਕਾਰ ਖੜ੍ਹੀ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਮੁਤਾਬਕ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਆਲੇ-ਦੁਆਲੇ ਦੇ ਲੋਕ ਦੱਸਦੇ ਹਨ ਕਿ ਪੁਲ ਦੇ ਹੇਠਾਂ ਕੁਝ ਨਸ਼ੇੜੀ ਬੈਠੇ ਹਨ। ਇਹ ਨਸ਼ੇੜੀ ਕਈ ਵਾਰ ਖੜ੍ਹੀਆਂ ਕਾਰਾਂ ‘ਚ ਜਾ ਕੇ ਸ਼ਰਾਰਤਾਂ ਕਰਦੇ ਹਨ।