ਪਟਿਆਲਾ। ਪਿੰਡ ਖਿਜਰਗੜ੍ਹ ਨੇੜੇ ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ ਹੋ ਗਈ। ਸੜਕ ਪਾਰ ਕਰਦੇ ਹੋਏ ਤੇਜ਼ ਰਫ਼ਤਾਰ ਹੌਂਡਾ ਸਿਟੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਪਿੱਛੇ ਆ ਰਹੀ ਪਤਨੀ ਨੇ ਰਾਹਗੀਰਾਂ ਦੀ ਮਦਦ ਨਾਲ ਪਤੀ ਤੇ ਪੁੱਤਰ ਨੂੰ ਜੀਐੱਮਸੀਐੱਚ ਸੈਕਟਰ 32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਕਾਰ ਚਾਲਕ ਨੂੰ ਗਿ੍ਰਫਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕਾਂ ਦੀ ਪਛਾਣ 40 ਸਾਲਾ ਦੇਸ ਰਾਜ ਅਤੇ ਉਸ ਦੇ ਪੁੱਤਰ 7 ਸਾਲਾ ਅਵੇਸ਼ ਵਜੋਂ ਹੋਈ ਹੈ।
ਮ੍ਰਿਤਕ ਦੇਸ ਰਾਜ ਦੀ ਪਤਨੀ ਤੇਜਵਤੀ ਨੇ ਦੱਸਿਆ ਕਿ ਉਹ ਆਪਣੇ ਪਤੀ ਅਤੇ 7 ਸਾਲਾ ਪੁੱਤਰ ਨਾਲ ਪਟਿਆਲਾ ਰੋਡ ’ਤੇ ਲੰਗਰ ਛਕਣ ਗਈ ਹੋਈ ਸੀ। ਉਸ ਦਾ ਪਤੀ ਪੁੱਤਰ ਨੂੰ ਗੋਦੀ ਵਿਚ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਸੜਕ ਪਾਰ ਕਰਨ ਲੱਗਾ ਤਾਂ ਬਨੂੜ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਹੌਂਡਾ ਸਿਟੀ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਪੜਤਾਲੀਆ ਅਫਸਰ ਨੇ ਦੱਸਿਆ ਕਿ ਕਾਰ ਚਾਲਕ ਯੁਵਰਾਜ ਸਿੰਘ ਵਾਸੀ ਪਿੰਡ ਢੱਕੀ ਜ਼ਿਲ੍ਹਾ ਪਠਾਨਕੋਟ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।