ਛੱਤੀਸਗੜ੍ਹ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕਬੀਰਧਾਮ ਜ਼ਿਲ੍ਹੇ ਵਿਚ ਵਿਆਹ ਦੇ ਤੋਹਫ਼ੇ ਵਜੋਂ ਮਿਲੇ ਹੋਮ ਥੀਏਟਰ ਮਿਊਜ਼ਿਕ ਸਿਸਟਮ ਵਿਚ ਧਮਾਕਾ ਹੋਣ ਕਾਰਨ ਲਾੜੇ ਅਤੇ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ। ਇਕ ਬੱਚੇ ਸਮੇਤ 4 ਹੋਰ ਵੀ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀਆਂ ਨੂੰ ਮੰਗਲਵਾਰ ਇਹ ਜਾਣਕਾਰੀ ਦਿੱਤੀ ਗਈ।

ਘਟਨਾ ਰੇਂਗਾਖਰ ਥਾਣਾ ਖੇਤਰ ਦੇ ਚਮਾਰੀ ਪਿੰਡ ‘ਚ ਸੋਮਵਾਰ ਨੂੰ ਵਾਪਰੀ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਮਾਕੇ ਕਾਰਨ ਕੰਧਾਂ ਅਤੇ ਛੱਤ ਢਹਿ ਗਈ। ਰੇਂਗਾਖਰ ਰਾਜਧਾਨੀ ਰਾਏਪੁਰ ਤੋਂ ਲਗਭਗ 200 ਕਿਲੋਮੀਟਰ ਦੂਰ ਹੈ।
ਪੁਲਿਸ ਸੁਪਰਡੈਂਟ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਹੇਮੇਂਦਰ ਮੇਰਵੀ (22) ਦਾ ਇਸ ਮਹੀਨੇ ਦੀ 1 ਤਰੀਕ ਨੂੰ ਵਿਆਹ ਹੋਇਆ ਸੀ। ਸੋਮਵਾਰ ਨੂੰ ਹੇਮੇਂਦਰ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰ ਇਕ ਕਮਰੇ ਵਿਚ ਵਿਆਹ ਵਿਚ ਮਿਲੇ ਤੋਹਫ਼ਿਆਂ ਨੂੰ ਖੋਲ੍ਹ ਰਹੇ ਸਨ। ਉਸ ਨੇ ਦੱਸਿਆ ਕਿ ਜਿਵੇਂ ਹੀ ਹੇਮੇਂਦਰ ਨੇ ਬਿਜਲੀ ਬੋਰਡ ਨਾਲ ਤਾਰ ਜੋੜ ਕੇ ਮਿਊਜ਼ਿਕ ਸਿਸਟਮ ਆਨ ਕੀਤਾ ਤਾਂ ਫਟ ਗਿਆ। ਇਸ ਘਟਨਾ ‘ਚ ਹੇਮੇਂਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਏਐਸਪੀ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਘਟਨਾ ਵਿਚ ਉਸ ਦੇ ਭਰਾ ਰਾਜਕੁਮਾਰ (30) ਅਤੇ ਡੇਢ ਸਾਲ ਦੇ ਲੜਕੇ ਸਮੇਤ 5 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬਾਕੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਨੀਸ਼ਾ ਠਾਕੁਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਮਾਹਿਰਾਂ ਦੇ ਨਾਲ ਪੁਲਿਸ ਟੀਮ ਮੌਕੇ ‘ਤੇ ਰਵਾਨਾ ਕੀਤੀ ਗਈ। ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।