ਨਵੀਂ ਦਿੱਲੀ . ਲੋਕਾਂ ਦੇ ਹੱਥ ਚੁੰਮ ਕੇ ਚਮਤਕਾਰ ਨਾਲ ਕੋਰੋਨਾ ਵਾਇਰਸ ਦੇ ਇਲਾਜ ਦਾ ਦਾਅਵਾ ਕਰਨ ਵਾਲਾ ਬਾਬਾ ਖ਼ੁਦ ਹੀ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਮਰ ਗਿਆ।ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਕਰੋਨਾ ਠੀਕ ਕਰਨ ਦਾ ਦਾਅਵਾ ਕਰਨ ਵਾਲਾ ਅਖੌਤੀ ਬਾਬਾ ਚੜ੍ਹਾਈ ਕਰ ਗਿਆ। ਪਰ ਕਈਆਂ ਨੂੰ ਵਖ਼ਤ ‘ਚ ਪਾ ਗਿਆ। ਕਿਉਂਕਿ ਲੋਕ ਬਾਬੇ ਕੋਲ ਅਕਸਰ ਇਲਾਜ ਲਈ ਜਾਂਦੇ ਸਨ। ਅਜਿਹੇ ‘ਚ ਖਤਰੇ ਨੂੰ ਦੇਖਦਿਆਂ ਉਨ੍ਹਾਂ ‘ਭਗਤਾਂ’ ਦਾ ਕਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ ਜੋ ਪਿਛਲੇ ਦਿਨੀਂ ਅਖੌਤੀ ਬਾਬੇ ਦੇ ਸੰਪਰਕ ‘ਚ ਰਹੇ ਸਨ।
ਫ਼ਿਲਹਾਲ ਇਨ੍ਹਾਂ ‘ਚੋਂ ਸੱਤ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।ਇਨ੍ਹਾਂ ਵਿੱਚ ਗਰਭਵਤੀ ਔਰਤ ਵੀ ਸ਼ਾਮਲ ਹੈ। ਇਹ ਅਖੌਤੀ ਬਾਬਾ ਲੋਕਾਂ ਦੇ ਹੱਥ ਚੁੰਮ ਕੇ ਕੋਰੋਨਾ ਵਾਇਰਸ ਦਾ ਇਲਾਜ ਕਰਨ ਦਾ ਦਾਅਵਾ ਕਰਦਾ ਸੀ। ਪਰ ਕੋਰੋਨਾ ਵਾਇਰਸ ਉਸ ‘ਤੇ ਖੁਦ ‘ਤੇ ਹੀ ਭਾਰੂ ਹੋ ਗਿਆ। ਇਸ ਅਖੌਤੀ ਬਾਬੇ ਦੀ ਮੌਤ ਤੋਂ ਬਾਅਦ ਹੜਕੰਪ ਮੱਚ ਗਿਆ ਤੇ ਹੁਣ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਬਾਬੇ ਨੇ ਹੱਥ ਚੁੰਮੇ ਸਨ। ਹੁਣ ਤੱਕ ਸ਼ਹਿਰ ਵਿੱਚ ਹੀ 37 ਅਜਿਹੇ ਲੋਕਾਂ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੇ ਹੱਥ ਬਾਬੇ ਨੇ ਚੁੰਮੇ ਸਨ।







































