ਖੰਨਾ ‘ਚ ਵੱਡਾ ਹਾਦਸਾ ! ਅੰਤਿਮ ਅਰਦਾਸ ‘ਤੇ ਜਾ ਰਹੇ ਪਰਿਵਾਰ ਦਾ ਬੇਕਾਬੂ ਹੋ ਕੇ ਪਲਟਿਆ ਆਟੋ, ਬਜ਼ੁਰਗ ਦੀ ਮੌਤ, 3 ਜ਼ਖਮੀ

0
104

 ਲੁਧਿਆਣਾ, 21 ਜਨਵਰੀ | ਖੰਨਾ ਕੋਲ ਆਟੋ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ਵਿਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਔਰਤਾਂ ਸਮੇਤ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਸਾਰੇ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਅੰਤਿਮ ਅਰਦਾਸ ਲਈ ਜਾ ਰਹੇ ਸਨ।

ਇਹ ਹਾਦਸਾ ਸੇਹ ਪਿੰਡ ਨੇੜੇ ਵਾਪਰਿਆ। ਮ੍ਰਿਤਕ ਦੀ ਪਛਾਣ 60 ਸਾਲਾ ਹਰਦੇਵ ਸਿੰਘ ਵਾਸੀ ਸਲੌਦੀ ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ 70 ਸਾਲਾ ਪਰਮਜੀਤ ਕੌਰ, 48 ਸਾਲਾ ਸਕਿੰਦਰ ਕੌਰ ਅਤੇ 50 ਸਾਲਾ ਸੰਗਤ ਸਿੰਘ ਸ਼ਾਮਲ ਹਨ, ਜੋ ਸਲੌਦੀ ਦੇ ਰਹਿਣ ਵਾਲੇ ਹਨ

ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਪਿੰਡ ਕੋਟਲੀ (ਖਮੋਂ) ਵਿਖੇ ਹੋਣ ਵਾਲੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪਿੰਡ ਸਲੌਦੀ ਤੋਂ ਇੱਕ ਆਟੋ ਵਿਚ ਜਾ ਰਹੇ ਸੀ। ਰਜਵਾਹੇ ਰੋਡ ‘ਤੇ ਪਿੰਡ ਸੇਹ ਨੇੜੇ ਆਟੋ ਅਚਾਨਕ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਸਾਰੇ ਜ਼ਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ।

ਹਸਪਤਾਲ ਵਿਚ ਹਰਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਸਐਮਓ ਡਾਕਟਰ ਮਨਿੰਦਰ ਭਸੀਨ ਅਨੁਸਾਰ ਬਾਕੀ ਤਿੰਨ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ।