ਤਰਨਤਾਰਨ, 12 ਜਨਵਰੀ | ਕਸਬਾ ਖਡੂਰ ਸਾਹਿਬ ‘ਚ ਦੁੱਧ ਦੀ ਡੇਅਰੀ ਦਾ ਕੰਮ ਕਰਦੇ ਨੌਜਵਾਨ ਦੀ ਮਾਂ ਨੂੰ ਪਿਸਤੌਲ ਦਿਖਾ ਕੇ ਬੰਦੀ ਬਣਾ ਕੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਵੱਲੋਂ ਉਸ ਕੋਲੋਂ ਕਥਿਤ ਤੌਰ ‘ਤੇ 6 ਲੱਖ ਰੁਪਏ ਲੁੱਟ ਲਏ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਜਤਿੰਦਰ ਕੁਮਾਰ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਉਹ ਕਸਬਾ ਖਡੂਰ ਸਾਹਿਬ ‘ਚ ਆਪਣੇ ਘਰ ’ਚ ਹੀ ਡੇਅਰੀ ਦਾ ਧੰਦਾ ਕਰਦਾ ਹੈ ਅਤੇ ਉਹ ਆਪਣੀ ਗੱਡੀ ਰਾਹੀਂ ਸਵੇਰੇ ਦੁੱਧ ਇਕੱਠਾ ਕਰਨ ਚਲਾ ਗਿਆ ਸੀ। ਉਸ ਨੇ 6 ਲੱਖ ਰੁਪਏ ਜੋ ਦੁੱਧ ਵਿਕਰੇਤਾਵਾਂ ਨੂੰ ਦੇਣੇ ਸਨ, ਦੁਕਾਨ ਦੇ ਗੱਲੇ ’ਚ ਰੱਖ ਸਨ। ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਮਾਂ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਬੰਦੀ ਬਣਾ ਕੇ ਗੱਲੇ ਵਿੱਚ ਪਏ 6 ਲੱਖ ਰੁਪਏ ਲੁੱਟ ਲਏ ਹਨ। ਨੌਜਵਾਨ ਲੁਟੇਰਿਆਂ ਦੀ ਸੀਸੀਟੀਵੀ ਕੈਮਰੇ ’ਚ ਤਸਵੀਰ ਕੈਦ ਹੋ ਗਈ ਹੈ। ਲੁੱਟ ਕਰਨ ਵਾਲੇ ਉਕਤ ਨੌਜਵਾਨ ਪਿੰਡ ਦੇ ਹੀ ਹਨ ਜਿਨ੍ਹਾਂ ਦੀ ਪਛਾਣ ਜਸਪਿੰਦਰ ਸਿੰਘ ਅਤੇ ਮਨਜਿੰਦਰ ਸਿੰਘ ਉਰਫ਼ ਮੰਨੂ ਨਿਹੰਗ ਵਜੋਂ ਹੋਈ ਹੈ ਜਦ ਕਿ ਤੀਜਾ ਲੁਟੇਰਾ ਅਣਪਛਾਤਾ ਹੈ।
ਪੁਲਿਸ ਨੇ ਪੀੜਤ ਜਤਿੰਦਰ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।