ਪੰਜਾਬ ‘ਚ ਸਕੂਲਾਂ ਦਾ ਬਦਲ ਸਕਦਾ ਸਮਾਂ, ਬਾਲ ਅਧਿਕਾਰ ਕਮਿਸ਼ਨ ਨੇ ਸਰਕਾਰ ਨੂੰ ਲਿਖਿਆ ਪੱਤਰ

0
73
ਚੰਡੀਗੜ੍ਹ, 9 ਜਨਵਰੀ | ਪੰਜਾਬ ‘ਚ ਬਹੁਤ ਠੰਡ ਪੈ ਰਹੀ ਹੈ। ਇਸ ਦੌਰਾਨ ਸੂਬੇ ਦੇ ਸਕੂਲਾਂ ਦੇ ਸਮੇਂ ਵਿਚ ਬਦਲਾਅ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਸਰਕਾਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਸੂਬੇ ਵਿਚ ਕੜਾਕੇ ਦੀ ਠੰਡ ਅਤੇ ਧੁੰਦ ਪੈ ਰਹੀ ਹੈ।
ਇਸ ਕਾਰਨ 31 ਜਨਵਰੀ ਤੱਕ ਸਕੂਲਾਂ ਦਾ ਸਮਾਂ ਬਦਲ ਕੇ 10 ਵਜੇ ਕਰ ਦਿੱਤਾ ਜਾਵੇ। ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਕੂਲੀ ਵਾਹਨਾਂ ਦੇ ਹਾਦਸਿਆਂ ਦਾ ਸ਼ਿਕਾਰ ਹੋਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਸ ਲਈ ਠੰਡ ਅਤੇ ਧੁੰਦ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਖੁੱਲਣ ਦੇ ਸਮੇਂ ਵਿਚ ਤਬਦੀਲੀ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ‘ਚ ਠੰਡ ਨੇ ਕਹਿਰ ਮਚਾਇਆ ਹੋਇਆ ਹੈ। ਪੰਜਾਬ ‘ਚ ਬੁੱਧਵਾਰ ਤੋਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਹਨ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਹਾਲੇ ਤੱਕ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਇਸ ਕਾਰਨ ਸਕੂਲ ਆਮ ਸਮੇਂ ਅਨੁਸਾਰ ਖੁੱਲ੍ਹ ਰਹੇ ਹਨ ਅਤੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।