ਚੰਡੀਗੜ੍ਹ, 6 ਦਸੰਬਰ | ਕੈਨੇਡਾ ਵਿਚ ਪੰਜਾਬੀਆਂ ਦੀ ਭਾਰੀ ਵੱਸੋਂ ਵਾਲੇ ਬਰੈਂਪਟਨ ਸ਼ਹਿਰ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਜੇ ਨੌਜਵਾਨ ਦੀ ਬਾਂਹ ‘ਤੇ ਗੋਲੀ ਲੱਗੀ ਹੈ। ਹਾਲਾਂਕਿ ਪੁਲਿਸ ਨੇ ਫਿਲਹਾਲ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ । ਪਰ ਸੂਤਰਾਂ ਮੁਤਾਬਿਕ ਪੀੜਤ ਪੰਜਾਬੀ ਮੂਲ ਦੇ ਦੱਸੇ ਜਾ ਰਹੇ ਹਨ ਕਿਉਂਕਿ ਪੰਜਾਬੀ ਮੂਲ ਦੇ ਗੁਆਂਢੀਆਂ ਦੇ ਦੱਸਣ ਮੁਤਾਬਿਕ ਜਦੋਂ ਗੋਲੀ ਚੱਲੀ ਤਾਂ ਉਸ ਵੇਲੇ ਉਨ੍ਹਾਂ ਨੇ ਰੌਲਾ ਸੁਣਿਆ ਕਿ ”ਹਾਏ ਓ ਮੇਰਾ ਭਰਾ ਮਾਰਤਾ, ਹਾਓ ਹੋਏ ਮੇਰਾ ਭਰਾ ਮਾਰਤਾ”।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਨੌਜਵਾਨ ਘਰ ਦੇ ਬਾਹਰ ਖੜ੍ਹੀ ਕਾਰ ਤੋਂ ਬਰਫ ਹਟਾ ਰਹੇ ਸਨ। ਜਾਣਕਾਰੀ ਮੁਤਾਬਿਕ ਲੰਘੀ ਦੇਰ ਰਾਤ ਬਰੈਂਪਟਨ ‘ਚ ਦੋ ਨੌਜਵਾਨਾਂ ਉੱਪਰ ਦੋ ਸ਼ੂਟਰਾਂ ਦੁਆਰਾ ਧੜਾਧੜ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਨ੍ਹਾਂ ‘ਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਰਾਤ ਨੂੰ ਕਰੀਬ 11:30 ਵਜੇ ਗੋਲੀਬਾਰੀ ਓਡੀਅਨ ਸੇਂਟ ਗੋਰੇਵੇ ਡ੍ਰਾਈਵ ਅਤੇ ਮੇਫੀਲਡ ਰੋਡ ਨੇੜੇ ਹੋਈ। ਸਾਰਜੈਂਟ ਜੈਨੀਫਰ ਟ੍ਰਿਮਬਲ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਹ ਇਕ ਟਾਰਗਟ ਕੀਲਿੰਗ ਹੈ। ਉਸ ਨੇ ਪੁਸ਼ਟੀ ਕੀਤੀ ਕਿ ਜਦੋਂ ਗੋਲੀ ਕੀਤੀ ਗਈ ਤਾਂ ਪੀੜਤ ਬਾਹਰ ਸਨ। ਇਕ ਪੀੜਤ, ਜਿਸ ਨੂੰ ਕਈ ਗੋਲੀਆਂ ਲੱਗੀਆਂ, ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦਾ ਨਾਂ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪੀੜਤ ਨੂੰ ਗੋਲੀ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ, ਕਥਿਤ ਤੌਰ ‘ਤੇ ਉਸ ਦੀ ਬਾਂਹ ‘ਤੇ ਗੋਲੀ ਲੱਗੀ।
ਫਿਲਹਾਲ ਪੁਲਿਸ ਵੱਲੋਂ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ ਹ। ਪੁਲਿਸ ਨੇ ਸਿਰਫ ਇੰਨ੍ਹਾਂ ਹੀ ਦੱਸਿਆ ਕਿ ਪੀੜਤ ਨੌਜਵਾਨ ਸਨ। ਇਸ ਘਟਨਾ ਦੀ ਇੱਕ ਵੀਡੀਓ ਜੋ ਕਿ ਸੀਸੀਟੀਵੀ ‘ਚ ਕੈਦ ਹੋਈ ਸੀ, ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਜਿਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਦੋ ਆਦਮੀ ਇੱਕ ਡਰਾਈਵਵੇਅ ‘ਚ ਇੱਕ ਵਾਹਨ ਤੋਂ ਬਰਫ਼ ਸਾਫ਼ ਕਰ ਰਹੇ ਸਨ ਅਤੇ ਇਸ ਦੌਰਾਨ ਇੱਕ ਹੋਰ ਕਾਰ ਸੜਕ ‘ਤੇ ਆ ਜਾਂਦੀ ਹੈ। ਦੋ ਵਿਅਕਤੀ ਕਾਰ ‘ਚੋਂ ਬਾਹਰ ਨਿਕਲਦੇ ਹਨ ਅਤੇ ਡ੍ਰਾਈਵਰ ਗੱਡੀ ‘ਚ ਹੀ ਰਹਿੰਦਾ ਹੈ।
ਇਸ ਦਰਮਿਆਨ ਕਈ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਕਰਨ ਤੋਂ ਬਾਅਦ ਕਾਤਲ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਜਾਂਦੇ ਹਨ। ਆਸ-ਪਾਸ ਦੇ ਲੋਕਾਂ ਵੱਲੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਦੋਵੇਂ ਪੀੜਤ ਨੌਜਵਾਨ ਪੰਜਾਬੀ ਸਨ, ਪਰ ਇਸ ਗੱਲ ਦੀ ਪੁਲਿਸ ਜਾਂ ਕਿਸੇ ਹੋਰ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ । ਇਸ ਘਟਨਾ ਦੀ ਸੂਚਨਾ ਜਦੋਂ ਪੁਲਿਸ ਨੂੰ ਮਿਲੀ ਤਾਂ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਗੁਆਂਢੀਆਂ ਨੇ ਦੱਸਿਆ ਹੈ ਕਿ ਇਸ ਘਰ ਵਿੱਚ ਲਗਭਗ ਦੋ ਮਹੀਨੇ ਪਹਿਲਾਂ ਵੀ ਪੁਲਿਸ ਆਈ ਸੀ ਤੇ ਪੁਲਿਸ ਨੇ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਵਿੱਚ ਚੈੱਕ ਕੀਤੇ ਸੀ। ਪੁਲਿਸ ਦਾ ਕਹਿਣਾ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਤੋਂ ਜਾਣੂ ਹਨ ਅਤੇ ਜਾਂਚਕਰਤਾ ਸ਼ੱਕੀ ਵਿਅਕਤੀਆਂ ਦੇ ਨਾਲ ਸੇਡਾਨ ਕਾਰ ਦੀ ਤਲਾਸ਼ ਕਰ ਰਹੇ ਹਨ। ਪੁਲਿਸ ਨੇ ਲੋਕਾਂ ਤੋਂ ਵੀ ਸਹਾਇਤਾ ਦੀ ਮੰਗ ਕੀਤੀ ਹੈ, ਜੇਕਰ ਕਿਸੇ ਕੋਲ ਕੋਈ ਡੈਸ਼-ਕੈਮ ਰਿਕਾਡਿੰਗ ਹੈ ਤਾਂ ਉਹ ਪੁਲਿਸ ਨੂੰ ਦੇ ਸਕਦਾ ਹੈ।