ਲੁਧਿਆਣਾ ‘ਚ ਅੱਗ ਦਾ ਤਾਂਡਵ ! ਦੀਵਾਲੀ ਦੀ ਰਾਤ ਪੁਲਿਸ ਲਾਈਨ ਸਣੇ 45 ਥਾਵਾਂ ‘ਤੇ ਲੱਗੀ ਅੱਗ

0
234

ਲੁਧਿਆਣਾ, 2 ਅਕਤੂਬਰ | ਬੀਤੀ ਰਾਤ ਦੀਵਾਲੀ ਮੌਕੇ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ 45 ਘਟਨਾਵਾਂ ਸਾਹਮਣੇ ਆਈਆਂ ਹਨ। ਫਾਇਰ ਅਧਿਕਾਰੀਆਂ ਨੇ ਸਥਾਨਕ ਸਟੇਸ਼ਨ ਦਫ਼ਤਰ ਵਿਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਸੀ। ਉੱਥੋਂ ਅਧਿਕਾਰੀ ਅੱਗ ਲੱਗਣ ਦੀ ਸੂਚਨਾ ਦੇ ਕੇ ਸ਼ਹਿਰ ਦੇ ਸਬ ਸਟੇਸ਼ਨਾਂ ਨੂੰ ਗੱਡੀਆਂ ਭੇਜ ਰਹੇ ਸਨ। ਅੱਗ ਬੁਝਾਉਣ ਲਈ 35 ਤੋਂ ਵੱਧ ਪਾਣੀ ਦੀਆਂ ਗੱਡੀਆਂ ਦੀ ਵਰਤੋਂ ਕੀਤੀ ਗਈ।

ਕਰੀਬ 100 ਫਾਇਰ ਬ੍ਰਿਗੇਡ ਦੇ ਕਰਮਚਾਰੀ ਅਤੇ ਅਧਿਕਾਰੀ ਪੂਰੀ ਰਾਤ ਡਿਊਟੀ ‘ਤੇ ਰਹੇ। ਬੀਤੀ ਰਾਤ ਸਭ ਤੋਂ ਵੱਡੀ ਅੱਗ ਦੀ ਘਟਨਾ ਗੁਰਦੁਆਰਾ ਆਲਮਗੀਰ ਸਾਹਿਬ ਨੇੜੇ ਪਿੰਡ ਜਰਖੜ ਵਿਖੇ ਵਾਪਰੀ। ਇੱਥੇ ਪਲਾਸਟਿਕ ਦੇ ਸਮਾਨ ਦਾ ਗੋਦਾਮ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਪਟਾਕੇ ਤੋਂ ਨਿਕਲੀ ਚੰਗਿਆੜੀ ਕਾਰਨ ਲੱਗੀ।

ਜਿਵੇਂ ਹੀ ਲੋਕਾਂ ਨੂੰ ਅੱਗ ਲੱਗਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੁਦ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਪਰ ਅੱਗ ਵਧਦੀ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਰਾਤ 12 ਵਜੇ ਤੱਕ ਪਿੰਡ ਜਾਖੜ ‘ਚ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਡਿਊਟੀ ‘ਤੇ ਰਹੇ। ਅੱਗ ਨਾਲ ਲੱਖਾਂ ਰੁਪਏ ਦਾ ਪਲਾਸਟਿਕ ਸੜ ਗਿਆ।

ਪੁਲਿਸ ਲਾਈਨ ‘ਚ ਗੱਡੀਆਂ ਸਾੜੀਆਂ

ਇਸੇ ਤਰ੍ਹਾਂ ਸ਼ਹਿਰ ਦੀ ਪੁਲਿਸ ਲਾਈਨ ਵਿਚ ਵੀ ਭਿਆਨਕ ਅੱਗ ਲੱਗ ਗਈ। ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਪੁਲਿਸ ਲਾਈਨਾਂ ‘ਚ ਵੱਖ-ਵੱਖ ਮਾਮਲਿਆਂ ‘ਚ ਬੰਦ ਵਾਹਨਾਂ ‘ਤੇ ਪਈਆਂ, ਜਿਸ ਤੋਂ ਬਾਅਦ ਅੱਗ ਕੁਝ ਦੇਰ ‘ਚ ਹੀ ਫੈਲ ਗਈ। ਅੱਗ ਲੱਗਣ ਦੀ ਖ਼ਬਰ ਫੈਲਦੇ ਹੀ ਪੁਲਿਸ ਲਾਈਨ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਲਾਈਨ ਵਿਚ ਵੱਡੀ ਗਿਣਤੀ ਵਿਚ ਵਾਹਨ ਸਾੜ ਗਏ।

ਪੁਲਿਸ ਅਧਿਕਾਰੀਆਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਨ੍ਹਾਂ ਵਾਹਨਾਂ ਨੂੰ ਅੱਗ ਲਗੀ ਸੀ, ਉਨ੍ਹਾਂ ਨੂੰ ਕਿਸ ਮਾਮਲੇ ‘ਚ ਬੰਦ ਕੀਤੇ ਗਏ ਸੀ। ਪੁਲਿਸ ਅਧਿਕਾਰੀ ਦਿਨ ਵੇਲੇ ਸੜੇ ਹੋਏ ਵਾਹਨਾਂ ਦੀ ਪੜਤਾਲ ਕਰਨਗੇ।

ਫਲੈਟ ‘ਚ ਸਿਲੰਡਰ ਫਟਿਆ

ਸ਼ਹਿਰ ਦੇ ਸੈਕਟਰ 32 ਸਥਿਤ ਐਲਆਈਜੀ ਫਲੈਟ ਨੇੜੇ ਸ਼ੱਕੀ ਹਾਲਾਤਾਂ ਵਿਚ ਸਿਲੰਡਰ ਫਟ ਗਿਆ। ਜਾਣਕਾਰੀ ਦਿੰਦਿਆਂ ਸੁਮਿਤ ਕੁਮਾਰ ਨੇ ਦੱਸਿਆ ਕਿ ਉਹ ਫਲੈਟ ਨੰਬਰ 551 ਵਿਚ ਆਪਣੀ ਮਾਂ ਅਤੇ ਪਤਨੀ ਨਾਲ ਰਹਿੰਦਾ ਹੈ। ਘਟਨਾ ਸਮੇਂ ਉਸ ਦੀ ਪਤਨੀ ਰਿਸ਼ਤੇਦਾਰਾਂ ਨੂੰ ਮਿਲਣ ਕਿਤੇ ਗਈ ਹੋਈ ਸੀ। ਜਦੋਂ ਉਹ ਆਪਣੀ ਮਾਂ ਨਾਲ ਗਲੀ ਵਿਚ ਖੜ੍ਹਾ ਸੀ। ਅਚਾਨਕ ਘਰ ਵਿਚ ਜ਼ੋਰਦਾਰ ਧਮਾਕਾ ਹੋਇਆ। ਉਸ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਕਿ ਉਥੇ ਪਿਆ ਗੈਸ ਸਿਲੰਡਰ ਫਟਿਆ ਹੋਇਆ ਸੀ।

ਅੱਗ ਦੀਆਂ ਲਪਟਾਂ ਸਾਰੇ ਘਰ ਵਿਚ ਫੈਲ ਗਈਆਂ, ਜਿਸ ਤੋਂ ਬਾਅਦ ਸਾਰੇ ਆਂਢੀ-ਗੁਆਂਢੀ ਇਕੱਠੇ ਹੋ ਗਏ ਅਤੇ ਇਕੱਠੇ ਹੋ ਕੇ ਅੱਗ ‘ਤੇ ਕਾਬੂ ਪਾਇਆ। ਫਿਰ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਵੀ ਦਿੱਤੀ ਗਈ। ਸੁਮਿਤ ਨੇ ਦੱਸਿਆ ਕਿ ਉਸ ਦਾ ਪੂਰਾ ਘਰ ਸੜ ਗਿਆ ਹੈ। ਇਸ ਦੇ ਨਾਲ ਹੀ ਮਕਾਨ ਦੀ ਛੱਤ ਵੀ ਟੁੱਟ ਗਈ ਹੈ। ਚਾਰ ਗੁਆਂਢੀ ਘਰਾਂ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ ਹਨ।

ਪਲਾਸਟਿਕ ਫੈਕਟਰੀ ਦੇ ਗੋਦਾਮ ਨੂੰ ਲੱਗੀ ਅੱਗ

ਟਿੱਬਾ ਰੋਡ ‘ਤੇ ਗੁਰਮੇਲ ਪਾਰਕ ਨੇੜੇ ਪਲਾਸਟਿਕ ਫੈਕਟਰੀ ਦੇ ਗੋਦਾਮ ‘ਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਹੇਠਲੀ ਮੰਜ਼ਿਲ ’ਤੇ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਇਲਾਕੇ ਦੇ ਲੋਕਾਂ ਅਨੁਸਾਰ ਇੱਥੇ ਪਲਾਸਟਿਕ ਦਾ ਇੰਨਾ ਜ਼ਿਆਦਾ ਸਾਮਾਨ ਸੀ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿਚ ਕਾਫੀ ਮੁਸ਼ਕਲ ਆਈ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਇਲਾਕੇ ਦੀ ਬਿਜਲੀ ਬੰਦ ਕਰ ਕੇ ਕਰੀਬ ਡੇਢ ਘੰਟੇ ਦੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।

ਰਾਤ ਭਰ ਅੱਗ ਲਗਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ

ਗੁਰੂ ਅਰਜੁਨ ਦੇਵ ਨਗਰ ਗਲੀ ਨੰਬਰ 6 ਵਿਚ ਕਿਡ ਏਡ ਨਾਮ ਦੀ ਹੌਜ਼ਰੀ ਫੈਕਟਰੀ ਦੀ ਤੀਜੀ ਮੰਜ਼ਿਲ ’ਤੇ ਅੱਗ ਲੱਗ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਕਾਰਨ ਹੌਜ਼ਰੀ ਦਾ ਸਾਮਾਨ ਅਤੇ ਕੁਝ ਮਸ਼ੀਨਾਂ ਨੁਕਸਾਨੀਆਂ ਗਈਆਂ ਹਨ। ਇਸੇ ਤਰ੍ਹਾਂ ਰਾਤ 12.30 ਵਜੇ ਤੱਕ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ।